ਰਾਏਕੋਟ, 15 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਦੀ ਨਿਊ ਜੌਹਲਾਂ ਕੋਆਪਰੇਟਿਵ ਖੇਤੀਬਾੜੀ ਸੁਸਾਇਟੀ ਲਿਮਟਿਡ ਜੌਹਲਾਂ ਵੱਲੋਂ ਕਿਸਾਨਾਂ ਦੀ ਸਹੂਲਤ ਅਤੇ ਖੇਤੀਬਾੜੀ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਇੱਕ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਕਿਸਾਨਾਂ ਨੂੰ ਸਸਤੀਆਂ ਦਰਾਂ ’ਤੇ ਆਧੁਨਿਕ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਨਵੇਂ ਖੇਤੀਬਾੜੀ ਸੰਦਾਂ ਦੀ ਖ਼ਰੀਦ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਹਮੇਸ਼ਾਂ ਕਿਸਾਨਾਂ ਦੇ ਹਿੱਤਾਂ ਲਈ ਤਤਪਰ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸੁਸਾਇਟੀ ਵੱਲੋਂ ਕਿਸਾਨਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ 2 ਮਲਚਰ, 1 ਸੁਪਰਸੀਡਰ, 1 ਉਲਟਾਵਾ ਹਲ਼ (ਪਲਾਓ) ਅਤੇ 1 ਤਵੀਆਂ ਦੀ ਖ਼ਰੀਦ ਕੀਤੀ ਗਈ ਹੈ। ਪ੍ਰਧਾਨ ਜਸਵੰਤ ਸਿੰਘ ਨੇ ਆਖਿਆ ਕਿ ਅੱਜ ਦੇ ਦੌਰ ਵਿੱਚ ਖੇਤੀਬਾੜੀ ਲਾਗਤ ਲਗਾਤਾਰ ਵਧ ਰਹੀ ਹੈ ਅਤੇ ਮਹਿੰਗੀ ਮਸ਼ੀਨਰੀ ਖ਼ਰੀਦਣਾ ਹਰ ਕਿਸਾਨ ਦੀ ਪਹੁੰਚ ਵਿੱਚ ਨਹੀਂ , ਇਸ ਲਈ ਸੁਸਾਇਟੀ ਵੱਲੋਂ ਖਰੀਦੇ ਗਏ ਇੰਨ੍ਹਾਂ ਆਧੁਨਿਕ ਸੰਦਾਂ ਨਾਲ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਵੱਡਾ ਆਰਥਿਕ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਵੇਲੇ ਸੁਪਰਸੀਡਰ ਅਤੇ ਮਲਚਰ ਵਰਗੀਆਂ ਮਸ਼ੀਨਾਂ ਕਿਸਾਨਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਾਉਣਗੀਆਂ। ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਨੇ ਖੇਤੀਬਾੜੀ ਸੁਸਾਇਟੀ ਦੀ ਸਮੁੱਚੀ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਕਦਮ ਪਿੰਡ ਦੀ ਖੇਤੀਬਾੜੀ ਦੇ ਵਿਕਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਕੋਆਪਰੇਟਿਵ ਖੇਤੀਬਾੜੀ ਸੁਸਾਇਟੀ ਵੱਲੋਂ ਖਰੀਦੇ ਗਏ ਖੇਤੀਬਾੜੀ ਸੰਦਾਂ ਦੀ ਮਦਦ ਨਾਲ ਕਿਸਾਨਾਂ ਨੂੰ ਜ਼ਮੀਨੀ ਪੱਧਰ ’ਤੇ ਵੱਡੀ ਰਾਹਤ ਮਿਲੇਗੀ। ਇਸ ਮੌਕੇ ਮੀਤ ਪ੍ਰਧਾਨ ਚਮਕੌਰ ਸਿੰਘ, ਸੈਕਟਰੀ ਹਰਪਾਲ ਸਿੰਘ, ਕਮੇਟੀ ਮੈਂਬਰ ਕੁਲਵਿੰਦਰ ਸਿੰਘ ਰਾਜੂ, ਹਰਜੀਤ ਸਿੰਘ, ਕੁਲਵਿੰਦਰ ਸਿੰਘ ਖੂਹ ਵਾਲੇ, ਗੁਰਪ੍ਰੀਤ ਸਿੰਘ, ਹਰਦੇਵ ਕੌਰ, ਗੁਰਮੀਤ ਕੌਰ (ਸਾਰੇ ਕਮੇਟੀ ਮੈਂਬਰ), ਪੰਚ ਬਲਜਿੰਦਰ ਸਿੰਘ, ਕਮੇਟੀ ਮੈਂਬਰ ਜਸਵੰਤ ਸਿੰਘ, ਰਿਟਾਇਰਡ ਐੱਸ.ਐੱਚ.ਓ ਤਰਸੇਮ ਸਿੰਘ ਸਿੱਧੂ, ਡਾ: ਗੁਰਦੀਪ ਸਿੰਘ ਸਿੱਧੂ ਮੈਂਬਰ ਬਲਾਕ ਸੰਮਤੀ, ਆੜ੍ਹਤੀਆ ਅੰਮ੍ਰਿਤਪਾਲ ਸਿੰਘ ਸਿੱਧੂ, ਨੰਬਰਦਾਰ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।