ਹੰਬੜਾਂ, 15 ਜੁਲਾਈ (ਹਰਵਿੰਦਰ ਸਿੰਘ ਮੱਕੜ)- ਬੇਟ ਇਲਾਕੇ ਦੇ ਹੰਬੜਾਂ ਅਤੇ ਆਸਪਾਸ ਦੇ ਇਲਾਕੇ ਵਿਚ ਅਵਾਰਾ ਕੁੱਤਿਆਂ ਦੀ ਭਰਮਾਰ ਹੋਣ ਨਾਲ ਲੋਕਾਂ ਵਿਚ ਦਹਿਸ਼ਤ ਤੇ ਸਹਿਮ ਦਾ ਮਹੌਲ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਹ ਅਵਾਰਾ ਕੁੱਤਿਆਂ ਦੇ ਝੁੰਡ ਰਾਹ ਜਾਂਦੇ ਛੋਟੇ-ਵੱਡਿਆਂ ਇਨਸਾਨਾਂ ਨੂੰ ਕੱਟ ਚੁੱਕੇ ਹਨ ਤੇ ਵਾਹਨਾਂ ਉੱਪਰ ਜਾਂਦੇ ਰਾਹਗੀਰਾਂ ਨੂੰ ਦੌੜ ਕੇ ਕੱਟਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਲੋਕ ਦੁਰਘਟਨਾ ਦਾ ਸ਼ਿਕਾਰ ਹੋ ਕੇ ਜਾਨੀ-ਮਾਲੀ ਨੁਕਸਾਨ ਉਠਾਉਣ ਲਈ ਮਜ਼ਬੂਰ ਹਨ। ਕਿਸਾਨਾਂ ਨੂੰ ਰਾਤ ਸਮੇਂ ਖੇਤਾਂ ਵਿਚ ਜਾਣਾ ਦੁੱਭਰ ਹੋ ਗਿਆ ਹੈ ਤੇ ਸਕੂਲ ਪੜ੍ਹਦੇ ਬੱਚਿਆਂ ਦੇ ਮਾਪੇ ਇਸ ਗੱਲ ਤੋਂ ਡਰਦੇ ਹਨ ਕਿ ਸਕੂਲ ਜਾਂਦੇ ਜਾਂ ਆਉਂਦੇ ਬੱਚੇ ਕਿਤੇ ਇਨ੍ਹਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਨਾ ਹੋ ਜਾਣ, ਬੱਚਿਆਂ ਦੇ ਮਾਪਿਆਂ ਦੀ ਜਾਨ ਡਰ ਨਾਲ ਹਮੇਸ਼ਾਂ ਸੁੱਕੀ ਰਹਿੰਦੀ ਹੈ। ਹੰਬੜਾਂ ਤੋਂ ਵਲੀਪੁਰ ਕਲਾਂ ਨੂੰ ਜਾਂਦੀ ਸੜਕ ਦੇ ਕਿਨਾਰੇ ਫੈਕਟਰੀ ਦੇ ਲੇਬਰ ਕੁਆਰਟਰ ਵਿਚੋਂ ਮੀਟ ਦੀਆਂ ਹੱਡੀਆਂ ਬਾਹਰ ਖੇਤਾਂ ਵਿਚ ਸੁੱਟੀਆ ਜਾਂਦੀਆਂ ਹਨ ਤੇ ਕੁੱਤਿਆਂ ਦੇ ਝੂੰਡ ਹੱਡੀਆਂ ਖਾਣ ਲਈ ਪਹੁੰਚਦੇ ਹਨ ਤੇ ਰਸਤੇ ਵਿਚ ਜਾਂਦੇ ਰਾਹਗੀਰਾਂ ਤੇ ਸਕੂਲੀ ਬੱਚਿਆਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਲੋਕ ਸੜਕਾਂ ਉੱਪਰ ਸਵੇਰ- ਸ਼ਾਮ ਦੀ ਸੈਰ ਕਰਨ ਤੋਂ ਵਾਂਝੇ ਹੋਏ ਪਏ ਹਨ। ਇਸ ਦੌਰਾਨ ਸਮੂਹ ਰੂਪ ’ਚ ਲੋਕਾਂ ਦੀ ਪ੍ਰਸ਼ਾਸਨ ਤੇ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਇਨ੍ਹਾਂ ਅਵਾਰਾ ਕੁੱਤਿਆਂ ਦੀ ਗੰਭੀਰ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਜਾਵੇ ਤੇ ਇਸ ਸਮੱਸਿਆ ਦਾ ਕੋਈ ਠੋਸ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਹੋਰ ਜਾਨੀ-ਮਾਲੀ ਨੁਕਸਾਨ ਹੋਣੋ ਬਚ ਸਕੇ।