ਰਾਏਕੋਟ, 16 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਅੱਜ ਦੇ ਸਮੇਂ ਵਿੱਚ ਸਕੂਲਾਂ ਦੇ ਮਾਹੌਲ ’ਚ ਇੱਕ ਚਿੰਤਾਜਨਕ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਪਹਿਲਾਂ ਵਿਦਿਆਰਥੀਆਂ ਦੇ ਮਨ ਵਿੱਚ ਅਧਿਆਪਕਾਂ ਪ੍ਰਤੀ ਸਤਿਕਾਰ ਦੇ ਨਾਲ-ਨਾਲ ਅਨੁਸ਼ਾਸਨ ਦੀ ਭਾਵਨਾ ਵੀ ਹੁੰਦੀ ਸੀ, ਜਿਸ ਕਾਰਨ ਉਹ ਪੜ੍ਹਾਈ, ਵਿਵਹਾਰ ਅਤੇ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਦੇ ਸਨ ਪਰ ਬਦਲਦੇ ਸਮਾਜਿਕ ਮਾਹੌਲ, ਮਾਪਿਆਂ ਦੇ ਵਧ ਰਹੇ ਦਖ਼ਲ ਅਤੇ ਸਿੱਖਿਆ ਪ੍ਰਣਾਲੀ ਵਿੱਚ ਆਏ ਬਦਲਾਵਾਂ ਕਾਰਨ ਕਈ ਸਕੂਲਾਂ ਵਿੱਚ ਅਧਿਆਪਕਾਂ ਦਾ ਪ੍ਰਭਾਵ ਪਹਿਲਾਂ ਵਰਗਾ ਨਹੀਂ ਰਿਹਾ। ਇਸ ਦਾ ਅਸਰ ਵਿਦਿਆਰਥੀਆਂ ਦੇ ਅਨੁਸ਼ਾਸਨ ’ਤੇ ਵੀ ਸਪੱਸ਼ਟ ਤੌਰ ’ਤੇ ਦਿਖਾਈ ਦੇਣ ਲੱਗਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਹੁਣ ਕਈ ਵਿਦਿਆਰਥੀ ਛੋਟੀਆਂ-ਛੋਟੀਆਂ ਗੱਲਾਂ ’ਤੇ ਬਹਿਸ ਕਰਨ ਲੱਗ ਪੈਂਦੇ ਹਨ, ਪੜ੍ਹਾਈ ਵਿੱਚ ਘੱਟ ਰੁਚੀ ਦਿਖਾਉਂਦੇ ਹਨ ਅਤੇ ਸਕੂਲ ਦੇ ਨਿਯਮਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਕਈ ਵਾਰ ਅਧਿਆਪਕ ਵੀ ਅਨੁਸ਼ਾਸਨਾਤਮਕ ਕਾਰਵਾਈ ਕਰਨ ਤੋਂ ਹਿਚਕਿਚਾਉਂਦੇ ਹਨ, ਕਿਉਂਕਿ ਉਨ੍ਹਾਂ ਨੂੰ ਸ਼ਿਕਾਇਤਾਂ ਜਾਂ ਵਿਵਾਦ ਪੈਦਾ ਹੋਣ ਦਾ ਡਰ ਰਹਿੰਦਾ ਹੈ। ਅਜਿਹੇ ਮਾਹੌਲ ਦਾ ਕੁਝ ਵਿਦਿਆਰਥੀ ਗਲਤ ਫ਼ਾਇਦਾ ਚੁੱਕਦੇ ਹੋਏ ਮਨਮਾਨੀ ਕਰਨ ਲੱਗ ਪੈਂਦੇ ਹਨ। ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਸਕੂਲਾਂ ਵਿੱਚ ਡਰ ਦਾ ਨਹੀਂ, ਸਗੋਂ ਅਨੁਸ਼ਾਸਨ, ਸਤਿਕਾਰ ਅਤੇ ਆਪਸੀ ਵਿਸ਼ਵਾਸ ਦਾ ਮਾਹੌਲ ਹੋਣਾ ਚਾਹੀਦਾ ਹੈ। ਜੇਕਰ ਵਿਦਿਆਰਥੀਆਂ ਦੇ ਮਨ ਵਿੱਚ ਅਧਿਆਪਕਾਂ ਪ੍ਰਤੀ ਸਤਿਕਾਰ ਦੀ ਭਾਵਨਾ ਖ਼ਤਮ ਹੋ ਜਾਵੇ ਤਾਂ ਇਸਦਾ ਸਿੱਧਾ ਅਸਰ ਪੜ੍ਹਾਈ ਦੇ ਮਾਹੌਲ ’ਤੇ ਪੈਂਦਾ ਹੈ ਅਤੇ ਹੋਰ ਵਿਦਿਆਰਥੀਆਂ ਦਾ ਵੀ ਨੁਕਸਾਨ ਹੁੰਦਾ ਹੈ। ਦੂਜੇ ਪਾਸੇ ਬਹੁਤ ਜ਼ਿਆਦਾ ਸਖ਼ਤੀ ਵੀ ਠੀਕ ਨਹੀਂ, ਕਿਉਂਕਿ ਇਸ ਨਾਲ ਬੱਚਿਆਂ ਦੇ ਮਾਨਸਿਕ ਵਿਕਾਸ ’ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਹੱਲ ਅਧਿਆਪਕਾਂ, ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਦੇ ਸ਼ਾਂਝੇ ਯਤਨਾਂ ਨਾਲ ਹੀ ਸੰਭਵ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਸਾਹਮਣੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਸਕੂਲ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਅਧਿਆਪਕਾਂ ਦਾ ਸਹਿਯੋਗ ਕਰਨ। ਇਸੇ ਤਰ੍ਹਾਂ ਅਧਿਆਪਕਾਂ ਨੂੰ ਵੀ ਸੰਵਾਦ, ਸਮਝਦਾਰੀ ਅਤੇ ਨਿਰਪੱਖਤਾ ਨਾਲ ਵਿਦਿਆਰਥੀਆਂ ਦੀ ਰਹਿਨੁਮਾਈ ਕਰਨੀ ਚਾਹੀਦੀ ਹੈ। ਸਕੂਲ ਸਿਰਫ਼ ਪੜ੍ਹਾਈ ਦਾ ਕੇਂਦਰ ਹੀ ਨਹੀਂ, ਸਗੋਂ ਚੰਗੇ ਸੰਸਕਾਰਾਂ ਅਤੇ ਸਖ਼ਸੀਅਤ ਨਿਰਮਾਣ ਦੀ ਪਾਠਸ਼ਾਲਾ ਵੀ ਹਨ। ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਦੇ ਮਨ ਵਿੱਚ ਅਧਿਆਪਕਾਂ ਪ੍ਰਤੀ ਸਤਿਕਾਰ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਬਣੀ ਰਹੇ। ਅਨੁਸ਼ਾਸਨਹੀਣਤਾ ਕਿਸੇ ਵੀ ਵਿਦਿਆਰਥੀ ਦੇ ਭਵਿੱਖ ਲਈ ਲਾਹੇਵੰਦ ਨਹੀਂ ਹੁੰਦੀ, ਜਦਕਿ ਸਤਿਕਾਰ ਅਤੇ ਅਨੁਸ਼ਾਸਨ ਉਸਨੂੰ ਇੱਕ ਜ਼ਿੰਮੇਵਾਰ ਅਤੇ ਚੰਗਾ ਨਾਗਰਿਕ ਬਣਨ ਵੱਲ ਪ੍ਰੇਰਿਤ ਕਰਦੇ ਹਨ।
ਅਧਿਆਪਕਾਂ ਦਾ ਘੱਟਦਾ ਡਰ, ਬੇਲਗਾਮ ਹੁੰਦੇ ਵਿਦਿਆਰਥੀ ਅਤੇ ਅਨੁਸ਼ਾਸਨ ’ਤੇ ਵਧਦਾ ਸੰਕਟ
ਅਜੀਤ ਡੈਸਕ
17-07-2026