ਮੁੱਲਾਂਪੁਰ-ਦਾਖਾ, 25 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਰਾਜ ਅਤੇ ਚੰਡੀਗੜ੍ਹ (ਯੂ.ਟੀ.) ਮਨੁੱਖੀ ਅਧਿਕਾਰ ਕਮਿਸ਼ਨ ਮੈਂਬਰ ਜਤਿੰਦਰ ਸਿੰਘ ਸ਼ੰਟੀ (ਪਦਮਸ਼੍ਰੀ) ਪੀਸ ਪਬਲਿਕ ਸਕੂਲ ਭਨੋਹੜ (ਲੁਧਿ:) ਵਿਖੇ ਦਾਖਾ ਸਬ ਡਵੀਜ਼ਨ ਪੱਧਰੀ ਖੁੱਲੀ ਬਹਿਸ ਲਈ ਸਿਟਿੰਗ ਕੈਂਪ ਵਿਚ ਸ਼ਮੂਲੀਅਤ ਕੀਤੀ। ਕਮਿਸ਼ਨ ਦੇ ਕੋਰ ਗਰੁੱਪ ਮੈਂਬਰ, ਇਲਾਕੇ ਭਰ ਦੀਆਂ ਐੱਨ.ਜੀ.ਓਜ਼, ਸਰਪੰਚ, ਗ੍ਰਾਮ ਪੰਚਾਇਤਾਂ ਵਲੋਂ ਮਨੁੱਖ ਅਧਿਕਾਰ ਕਮਿਸ਼ਨ ਦੇ ਮੈਂਬਰ ਨੂੰ ਜੀ ਆਇਆਂ ਕਿਹਾ। ਉਨ੍ਹਾਂ ਨਾਲ ਮੰਚ ’ਤੇ ਏ.ਡੀ.ਸੀ. ਨਰਿੰਦਰ ਸਿੰਘ ਧਾਲੀਵਾਲ, ਡੀ.ਐੱਸ.ਪੀ. ਕਰਨ ਸਿੰਘ ਸੰਧੂ, ਮਨਜਿੰਦਰ ਸਿੰਘ ਕਲੇਰ, ਐਡਵੋਕੇਟ ਸਪਨਾ ਕਮਲ, ਪ੍ਰਿੰਸੀਪਲ ਸੀ.ਕੇ ਜੀਜਾ ਮੌਜੂਦ ਰਹੇ। ਮੰਚ ਸੰਚਾਲਕ ਜਸਵੀਰ ਸਿੰਘ ਪਮਾਲੀ ਵਲੋਂ ਸਮਾਰੋਹ ਦੇ ਮੁੱਖ ਮਹਿਮਾਨ ਅਤੇ ਜਤਿੰਦਰ ਸਿੰਘ ਸ਼ੰਟੀ ਨਾਲ ਇਲਾਕੇ ਭਰ ’ਚੋਂ ਪਹੁੰਚੇ ਲੋਕਾਂ ਦਾ ਨਿੱਘਾ ਸੁਆਗਤ ਕੀਤਾ। ਲੋਕਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਸਮੇਂ ਜਤਿੰਦਰ ਸਿੰਘ ਸ਼ੰਟੀ ਕਿਹਾ ਕਿ ਪਹਿਲਾਂ ਤਾਂ ਆਪ ਸਭ ਨੂੰ ਪਤਾ ਹੋਵੇ ਕਮਿਸ਼ਨ ਦੀ ਤਾਕਤ ਅਤੇ ਅਧਿਕਾਰ ਕਿੰਨੇ ਵਿਸ਼ਾਲ ਹਨ। ਕਿਸੇ ਵੀ ਸ਼ਿਕਾਇਤ ਕਰਤਾ ਦੀ ਪੁਲਿਸ ਜਾਂ ਕਿਸੇ ਹੋਰ ਵਿਭਾਗ ਦਾ ਅਧਿਕਾਰੀ ਕੋਈ ਸੁਣਵਾਈ ਨਹੀਂਂ ਕਰਦਾ ਜਾਂ ਕੰਮ ਬਦਲੇ ਪੈਸੇ ਦੀ ਡਿਮਾਂਡ ਰੱਖਦਾ ਹੈ ਤਾਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਿਆ ਜਾਵੇ। ਉਨ੍ਹਾਂ ਦੱਸਿਆ ਕਿ ਹੁਣ ਤਾਂ ਸਾਡੇ ਜ਼ਿਲ੍ਹਾ/ਤਹਿਸੀਲ ਪੱਧਰੀ ਕੈਂਪ ਵੀ ਗਠਿਤ ਹੋ ਚੁੱਕੇ ਹਨ, ਇਨ੍ਹਾਂ ਕੋਲ ਵੀ ਸ਼ਿਕਾਇਤ ਨੋਟ ਹੋ ਸਕਦੀ ਹੈ। ਤਹਿਸੀਲ/ਸਬ ਤਹਿਸੀਲ ਜਾਂ ਨਿੱਜੀ ਹਸਪਤਾਲਾਂ ’ਚ ਬੇਲੋੜੀ ਲੁੱਟ ਹੁੰਦੀ ਹੈ ਤਾਂ ਕਮਿਸ਼ਨ ਨੂੰ ਲਿਖਿਆ ਜਾਵੇ, ਇਕ ਮਹੀਨੇ ਅੰਦਰ ਇਨਸਾਫ਼ ਮਿਲੇਗਾ। ਜਤਿੰਦਰ ਸਿੰਘ ਸ਼ੰਟੀ ਮੈਂਬਰ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਇਲਾਕੇ ਭਰ ਦੀਆਂ ਐੱਨ.ਜੀ.ਓ. ਗ੍ਰਾਮ ਪੰਚਾਇਤ ਮੈਂਬਰ, ਸਰਪੰਚਾਂ ਨੂੰ ਜਾਣੂੰ ਕਰਵਾਇਆ ਕਿ ਡਾਕਟਰੀ ਇਲਾਜ ਦੌਰਾਨ ਮੌਤ ਹੋਣ ਦੀ ਸੂਰਤ ਵਿਚ ਮਰੀਜ਼ ਦਾ ਬਿੱਲ ਬਕਾਇਆ ਹੋਣ ’ਤੇ ਕੋਈ ਡਾਕਟਰ ਮ੍ਰਿਤਕ ਦੇਹ ਦੇਣ ਤੋਂ ਆਨਾਕਾਨੀ ਕਰਦਾ, ਤੁਰੰਤ ਕਮਿਸ਼ਨ ਨੂੰ ਫੋਨ ਜਾਂ ਮੇਲ ਕੀਤਾ ਜਾਵੇ, ਕੁਝ ਹੀ ਘੰਟਿਆਂ ’ਚ ਬਿਨਾਂ ਪੈਸੇ ਦਿੱਤੇ ਮ੍ਰਿਤਕ ਦੇਹ ਲੈ ਕੇ ਵਾਰਿਸਾਂ ਦੇ ਹਵਾਲੇ ਹੋਵੇਗੀ। ਪੁਲਿਸ, ਮਾਲ ਵਿੰਗ, ਸਿੱਖਿਆ ਸੰਸਥਾਵਾਂ, ਸਿਹਤ ਵਿਭਾਗ ਵਿਚ ਆਮ ਵਿਅਕਤੀ ਦੀ ਕੋਈ ਨਹੀਂ ਸੁਣਦਾ ਤਾਂ ਸ਼ਿਕਾਇਤ ਕਮਿਸ਼ਨ ਦੇ ਦਫ਼ਤਰ ਐੱਸ.ਸੀ.ਓ. 220/221 ਸੈਕਟਰ 34-ਏ ਚੰਡੀਗੜ੍ਹ ਦਿੱਤੀ ਜਾ ਸਕਦੀ ਹੈ। ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵਲੋਂ ਕਈ ਮਾਮਲਿਆਂ ਦਾ ਨਿਪਟਾਰਾ ਸਬੰਧਿਤ ਵਿਭਾਗ ਦੇ ਸੀਨੀਅਰ ਅਧਿਕਾਰੀ ਰਾਹੀਂ ਮੌਕੇ ’ਤੇ ਹੀ ਨਿਪਟਾਰਾ ਕਰਵਾਇਆ ਗਿਆ। ਯੁੱਧ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਨੂੰ ਬੂਥ ਪੱਧਰ ਤੱਕ ਤੇਜ ਕਰਨ ਲਈ ਸਰਪੰਚ, ਗ੍ਰਾਮ ਪੰਚਾਇਤ, ਵੱਖੋ-ਵੱਖ ਐੱਨ.ਜੀ.ਓਜ਼ ਨੂੰ ਸੁਨੇਹਾ ਦਿੱਤਾ ਕਿ ਗਲੀਆਂ ’ਚ ਵਿਕਦਾ ਜ਼ਹਿਰ ਰੋਕਣ ਲਈ ਪੁਲਿਸ ਨੂੰ ਸਹਿਯੋਗ ਕੀਤਾ ਜਾਵੇ। ਪੀਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਜਤਿੰਦਰ ਸਿੰਘ ਸ਼ੰਟੀ ਵਲੋਂ ਨਸ਼ਿਆਂ ਦੇ ਮੁੱਦੇ ’ਤੇ ਸੁਨੇਹਾ ਦਿੱਤਾ ਕਿ ਹੁਣ ਵਿਦਿਆਰਥੀ ਆਪਣੇ ਘਰ, ਗੁਆਂਢ ਜਾਂ ਮੁਹੱਲੇ ’ਚ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਪ੍ਰਚਾਰ ਕਰਨਗੇਂ। ਦਿੱਲੀ ’ਚ 25 ਸਾਲ ਪੁਰਾਣੀ ਐੱਨ.ਜੀ.ਓ. ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਮੋਢੀ ਜਤਿੰਦਰ ਸਿੰਘ ਨੂੰ ਕੋਰੋਨਾ ਕਾਲ ਦੌਰਾਨ ਕੋਰੋਨਾ ਵਾਲੰਟੀਅਰ ਦੀਆਂ ਸੇਵਾਵਾਂ ਬਦਲੇ ਭਾਰਤ ਦੇ ਰਾਸ਼ਟਰਪਤੀ ਵਲੋਂ ਪਦਮਸ਼੍ਰੀ ਐਵਾਰਡ ਦਿੱਤਾ ਗਿਆ ਸੀ, ਅੱਜ ਦਾਖਾ ਪੁਲਿਸ ਸਬ ਡਵੀਜ਼ਨ ਅਧੀਨ ਪੰਚਾਇਤਾਂ, ਪਤੰਵੰਤਿਆਂ ਵਲੋਂ ਸਨਮਾਨ ਕੀਤਾ ਗਿਆ।
ਦਾਖਾ ਸਬ ਡਵੀਜ਼ਨ ਪੱਧਰੀ ਖੁੱਲ੍ਹੀ ਬਹਿਸ ਕੈਂਪ ’ਚ ਮਨੁੱਖੀ ਅਧਿਕਾਰ ਕਮਿਸ਼ਨ ਮੈਂਬਰ ਜਤਿੰਦਰ ਸ਼ੰਟੀ ਨੇ ਹਿੱਸਾ ਲਿਆ
ਅਜੀਤ ਡੈਸਕ
26-07-2026