06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮੋਬਾਈਲ ਦੀ ਦੁਨੀਆ ’ਚ ਸਿਮਟਦਾ ਸਮਾਜ: ਸੋਸ਼ਲ ਮੀਡੀਆ ਦੀ ਵਧਦੀ ਲ਼ਤ ਬਣੀ ਗੰਭੀਰ ਚਿੰਤਾ

Ad Position 21
No active advertisement
ਅਜੀਤ ਡੈਸਕ 26-07-2026

ਰਾਏਕੋਟ, 25 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਆਧੁਨਿਕ ਤਕਨਾਲੋਜੀ ਨੇ ਜਿੱਥੇ ਦੁਨੀਆਂ ਨੂੰ ਇੱਕ ਕਲਿੱਕ ’ਤੇ ਲਿਆ ਦਿੱਤਾ ਹੈ, ਉੱਥੇ ਸੋਸ਼ਲ ਮੀਡੀਆ ਦੀ ਵਧਦੀ ਲੱਤ ਸਮਾਜਿਕ ਜੀਵਨ ਲਈ ਚਿੰਤਾ ਦਾ ਕਾਰਨ ਬਣਦੀ ਜਾ ਰਹੀ ਹੈ। ਕਦੇ ਲੋਕ ਆਪਣੇ ਸੁੱਖ-ਦੁੱਖ, ਵਿਚਾਰ ਤੇ ਤਜਰਬੇ ਪਰਿਵਾਰ ਅਤੇ ਦੋਸਤਾਂ ਨਾਲ ਰੂ-ਬਰੂ ਬੈਠ ਕੇ ਸਾਂਝੇ ਕਰਦੇ ਸਨ, ਪਰ ਅੱਜ ਇਹ ਗੱਲਬਾਤ ਮੋਬਾਈਲ ਦੀ ਸਕਰੀਨ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਅੱਜ ਦੇ ਸਮੇਂ ਵਿੱਚ ਸਵੇਰੇ ਅੱਖ ਖੁੱਲ੍ਹਦੇ ਹੀ ਮੋਬਾਈਲ ਹੱਥ ਵਿੱਚ ਆ ਜਾਂਦਾ ਹੈ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਆਖ਼ਰੀ ਨਜ਼ਰ ਸੋਸ਼ਲ ਮੀਡੀਆ ’ਤੇ ਹੀ ਪੈਂਦੀ ਹੈ। ਮੋਬਾਈਲ ਦੀ ਲੋੜ ਤੋਂ ਵਧ ਵਰਤੋਂ ਹੁਣ ਹੌਲੀ-ਹੌਲੀ ਆਦਤ ਅਤੇ ਕਈ ਮਾਮਲਿਆਂ ਵਿੱਚ ਲਤ ਦਾ ਰੂਪ ਧਾਰ ਰਹੀ ਹੈ। ਇਸ ਦਾ ਸਭ ਤੋਂ ਵੱਧ ਪ੍ਰਭਾਵ ਬੱਚਿਆਂ ਅਤੇ ਨੌਜਵਾਨਾਂ ’ਤੇ ਵੇਖਣ ਨੂੰ ਮਿਲ ਰਿਹਾ ਹੈ। ਪੜ੍ਹਾਈ ਦੌਰਾਨ ਵੀ ਉਨ੍ਹਾਂ ਦਾ ਧਿਆਨ ਵਾਰ-ਵਾਰ ਮੋਬਾਈਲ ਵੱਲ ਭਟਕਦਾ ਹੈ, ਘੰਟਿਆਂਬੱਧੀ ਰੀਲਾਂ ਅਤੇ ਵੀਡੀਓਜ਼ ਦੇਖਣ ਕਾਰਨ ਪੜ੍ਹਾਈ, ਖੇਡਾਂ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਲਈ ਸਮਾਂ ਘਟਦਾ ਜਾ ਰਿਹਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਬੱਚਿਆਂ ਨਾਲ ਗੱਲਬਾਤ ਕਰਨ ਦਾ ਸਮਾਂ ਘੱਟ ਹੋ ਗਿਆ ਹੈ, ਜਦਕਿ ਮੋਬਾਈਲ ‘ਤੇ ਬਿਤਾਇਆ ਸਮਾਂ ਲਗਾਤਾਰ ਵਧ ਰਿਹਾ ਹੈ। ਸਿਰਫ਼ ਨੌਜਵਾਨ ਹੀ ਨਹੀਂ, ਸਗੋਂ ਵੱਡੇ ਵੀ ਇਸ ਰੁਝਾਨ ਤੋਂ ਅਛੂਤੇ ਨਹੀਂ ਹਨ। ਕਈ ਪਰਿਵਾਰਾਂ ਵਿੱਚ ਸਾਰੇ ਮੈਂਬਰ ਇੱਕੋ ਕਮਰੇ ਵਿੱਚ ਬੈਠੇ ਹੋਣ ਦੇ ਬਾਵਜੂਦ ਆਪਣੇ-ਆਪਣੇ ਮੋਬਾਈਲਾਂ ਵਿੱਚ ਰੁੱਝੇ ਰਹਿੰਦੇ ਹਨ। ਇਸ ਕਾਰਨ ਪਰਿਵਾਰਕ ਸੰਵਾਦ ਘੱਟ ਰਿਹਾ ਹੈ ਅਤੇ ਆਪਸੀ ਰਿਸ਼ਤਿਆਂ ਵਿੱਚ ਦੂਰੀ ਵਧਦੀ ਮਹਿਸੂਸ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਦਾ ਇੱਕ ਹੋਰ ਗੰਭੀਰ ਪੱਖ ਝੂਠੀਆਂ ਅਤੇ ਭਰਮਕ ਖ਼ਬਰਾਂ ਦਾ ਤੇਜ਼ੀ ਨਾਲ ਫੈਲਣਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਜਾਣਕਾਰੀ ਨੂੰ ਸ਼ਾਂਝਾ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ। ਮਨੋਵਿਗਿਆਨੀਆਂ ਅਨੁਸਾਰ ਲਗਾਤਾਰ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਤਣਾਅ, ਚਿੰਤਾ, ਨੀਂਦ ਦੀ ਕਮੀ ਅਤੇ ਇਕਾਗਰਤਾ ਵਿੱਚ ਘਾਟ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਇਸਦੇ ਨਾਲ ਹੀ ਲੰਬੇ ਸਮੇਂ ਤੱਕ ਮੋਬਾਈਲ ਦੀ ਵਰਤੋਂ ਅੱਖਾਂ ਅਤੇ ਸਰੀਰਿਕ ਸਿਹਤ ’ਤੇ ਵੀ ਮਾੜਾ ਪ੍ਰਭਾਵ ਪਾ ਸਕਦੀ ਹੈ। ਤਕਨਾਲੋਜੀ ਦਾ ਵਿਰੋਧ ਨਹੀਂ, ਸਗੋਂ ਇਸ ਦੀ ਸੰਤੁਲਿਤ ਅਤੇ ਸੂਝ-ਬੂਝ ਨਾਲ ਵਰਤੋਂ ਹੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਜੇਕਰ ਸੋਸ਼ਲ ਮੀਡੀਆ ਨੂੰ ਜਾਣਕਾਰੀ, ਸਿੱਖਿਆ, ਰੋਜ਼ਗਾਰ ਅਤੇ ਸਕਾਰਾਤਮਕ ਸੰਵਾਦ ਲਈ ਵਰਤਿਆ ਜਾਵੇ ਤਾਂ ਇਹ ਵਿਕਾਸ ਦਾ ਸਸ਼ਕਤ ਸਾਧਨ ਹੈ, ਪਰ ਜਦੋਂ ਇਹ ਅਸਲ ਜ਼ਿੰਦਗੀ, ਪਰਿਵਾਰਕ ਰਿਸ਼ਤਿਆਂ ਅਤੇ ਜ਼ਿੰਮੇਵਾਰੀਆਂ ’ਤੇ ਹਾਵੀ ਹੋਣ ਲੱਗੇ ਤਾਂ ਇਹ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਪਰਿਵਾਰ, ਸਕੂਲ ਅਤੇ ਸਮਾਜ ਮਿਲ ਕੇ ਡਿਜ਼ੀਟਲ ਸੰਤੁਲਨ ਦੀ ਸੋਚ ਨੂੰ ਉਤਸ਼ਾਹਿਤ ਕਰਨ, ਸਮੇਂ ਦਾ ਸਹੀ ਪ੍ਰਬੰਧ ਅਤੇ ਸੋਸ਼ਲ ਮੀਡੀਆ ਦੀ ਸੰਜਮ ਨਾਲ ਵਰਤੋਂ ਹੀ ਸਾਨੂੰ ਤਕਨਾਲੋਜੀ ਦਾ ਅਸਲ ਲਾਭ ਦਿਵਾ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਹਠੂਰ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਅਮਰੀਸ਼ ਮਿੱਤਲ ਪ੍ਰਧਾਨ ਬਣੇ ਅਗਲੀ ਖ਼ਬਰ ਦਾਖਾ ਸਬ ਡਵੀਜ਼ਨ ਪੱਧਰੀ ਖੁੱਲ੍ਹੀ ਬਹਿਸ ਕੈਂਪ ’ਚ ਮਨੁੱਖੀ ਅਧਿਕਾਰ ਕਮਿਸ਼ਨ ਮੈਂਬਰ ਜਤਿੰਦਰ ਸ਼ੰਟੀ ਨੇ ਹਿੱਸਾ ਲਿਆ
Ad Position 24
No active advertisement