06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਰਾਏਕੋਟ ਦਾ ਤਲਵੰਡੀ ਗੇਟ ਬਣਿਆ ‘ਪੁਤਲਾ ਫੂਕ ਪ੍ਰਦਰਸ਼ਨਾਂ ਦਾ ਅੱਡਾ’, ਕਈ ਦਿਨਾਂ ਤੋਂ ਪਈ ਹੈ ਮੁੱਖ ਮੰਤਰੀ ਦੇ ਡੰਮੀ ਪੁਤਲੇ ਦੀ ਰਾਖ਼

Ad Position 21
No active advertisement
ਅਜੀਤ ਡੈਸਕ 26-07-2026
ਰਾਏਕੋਟ, 25 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ ਦੀ ਪਹਿਚਾਣ ਅਤੇ ਸ਼ਾਨ ਮੰਨੇ ਜਾਂਦੇ ਇਤਿਹਾਸਕ ਤਲਵੰਡੀ ਗੇਟ ਦੇ ਸਾਹਮਣੇ ਲਗਾਤਾਰ ਹੋ ਰਹੇ ਪੁਤਲਾ ਫੂਕ ਪ੍ਰਦਰਸ਼ਨਾਂ ਨੇ ਹੁਣ ਲੋਕਾਂ ਅਤੇ ਵਪਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਸ਼ਹਿਰ ਵਿਚ ਕਿਸੇ ਵੀ ਸੰਸਥਾ, ਕਰਮਚਾਰੀ ਯੂਨੀਅਨ ਜਾਂ ਹੋਰ ਜਥੇਬੰਦੀ ਵਲੋਂ ਰੋਸ ਪ੍ਰਗਟ ਕਰਨ ਲਈ ਜ਼ਿਆਦਾਤਰ ਪੁਤਲੇ ਹੁਣ ਤਲਵੰਡੀ ਗੇਟ ਦੇ ਸਾਹਮਣੇ ਹੀ ਫੂਕੇ ਜਾ ਰਹੇ ਹਨ, ਜਿਸ ਕਾਰਨ ਇਸ ਇਤਿਹਾਸਕ ਸਥਾਨ ਦੀ ਗਰਿਮਾ ਪ੍ਰਭਾਵਿਤ ਹੋ ਰਹੀ ਹੈ।ਕੁਝ ਦਿਨ ਪਹਿਲਾਂ ਬਰਨਾਲਾ ਲਾਠੀਚਾਰਜ ਦੇ ਵਿਰੋਧ ਅਤੇ ਮੰਗਾਂ ਨਾ ਮੰਨੇ ਜਾਣ ਕਾਰਨ ਸਫਾਈ ਕਰਮਚਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਡੰਮੀ ਪੁਤਲਾ ਤਲਵੰਡੀ ਗੇਟ ਦੇ ਸਾਹਮਣੇ ਰੱਖ ਕੇ ਸਿਆਪਾ ਕੀਤਾ ਅਤੇ ਬਾਅਦ ਵਿਚ ਉਸ ਨੂੰ ਅਗਨੀ ਭੇਟ ਕਰ ਦਿੱਤਾ। ਸਫ਼ਾਈ ਕਰਮਚਾਰੀਆਂ ਦੀ ਹੜਤਾਲ ਜਾਰੀ ਹੋਣ ਕਾਰਨ ਪੁਤਲੇ ਦੀ ਰਾਖ ਅਤੇ ਹੋਰ ਅਵਸ਼ੇਸ਼ ਕਈ ਦਿਨਾਂ ਤੋਂ ਉੱਥੇ ਹੀ ਪਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਵੀ ਸਰਕਾਰੀ ਵਿਭਾਗ ਨੇ ਇਸ ਦੀ ਸਫ਼ਾਈ ਕਰਵਾਉਣ ਦੀ ਲੋੜ ਨਹੀਂ ਸਮਝੀ। ਤਲਵੰਡੀ ਗੇਟ ਨਾਲ ਲੱਗਦੀਆਂ ਦੁਕਾਨਾਂ ਦੇ ਵਪਾਰੀਆਂ ਨੇ ਕਿਹਾ ਕਿ ਇਹ ਰਾਏਕੋਟ ਦਾ ਇਤਿਹਾਸਕ ਪ੍ਰਵੇਸ਼ ਦੁਆਰ ਹੈ, ਪਰ ਵਾਰ-ਵਾਰ ਇੱਥੇ ਪੁਤਲੇ ਫੂਕੇ ਜਾਣ ਕਾਰਨ ਇਸ ਦੀ ਮਹੱਤਤਾ ਘੱਟ ਰਹੀ ਹੈ। ਇਕ ਦੁਕਾਨਦਾਰ ਨੇ ਹੱਸਦਿਆਂ ਕਿਹਾ ਕਿ ਇੰਝ ਲੱਗਦਾ ਹੈ, ਜਿਵੇਂ ਉਨ੍ਹਾਂ ਦੀ ਦੁਕਾਨ ਬਾਜ਼ਾਰ ਵਿਚ ਨਹੀਂ, ਸਗੋਂ ਕਿਸੇ ਸ਼ਮਸ਼ਾਨ ਘਾਟ ਦੇ ਕੋਲ ਹੋਵੇ, ਕਿਉਂਕਿ ਆਏ ਦਿਨ ਇੱਥੇ ਪੁਤਲੇ ਫੂਕੇ ਜਾਂਦੇ ਹਨ। ਵਪਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਤਲਾ ਫੂਕ ਪ੍ਰਦਰਸ਼ਨਾਂ ਲਈ ਸ਼ਹਿਰ ਵਿਚ ਕਿਸੇ ਖੁੱਲ੍ਹੇ ਅਤੇ ਨਿਰਧਾਰਤ ਸਥਾਨ ਦੀ ਵਿਵਸਥਾ ਕੀਤੀ ਜਾਵੇ, ਜਿੱਥੇ ਮਨਜ਼ੂਰੀ ਲੈ ਕੇ ਪ੍ਰਦਰਸ਼ਨ ਕੀਤੇ ਜਾ ਸਕਣ। ਇਸ ਨਾਲ ਇਕ ਪਾਸੇ ਲੋਕਾਂ ਨੂੰ ਰੋਸ ਪ੍ਰਗਟ ਕਰਨ ਦਾ ਮੌਕਾ ਮਿਲੇਗਾ ਅਤੇ ਦੂਜੇ ਪਾਸੇ ਇਤਿਹਾਸਕ ਤਲਵੰਡੀ ਗੇਟ ਦੀ ਗਰਿਮਾ ਵੀ ਬਰਕਰਾਰ ਰਹੇਗੀ। ਉਨ੍ਹਾਂ ਕਿਹਾ ਕਿ ਰੁੱਝੇ ਹੋਏ ਬਾਜ਼ਾਰ ਵਿਚ ਅਜਿਹੇ ਪ੍ਰਦਰਸ਼ਨਾਂ ਦੌਰਾਨ ਭਾਰੀ ਇਕੱਠ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਕੀਤੇ ਜਾਣਾ ਨਿੰਦਣਯੋਗ- ਚਾਵਲਾ ਅਗਲੀ ਖ਼ਬਰ ਹਲਕਾ ਟਾਂਡਾ ਦੇ ਪਿੰਡ ਨੰਗਲ ਫ਼ਰੀਦ ਤੋਂ ਗਣੀਪੁਰ ਬੱਧਣ ਤੱਕ ਸੜਕ ਦੀ ਹਾਲਤ ਹੋਈ ਬਦ ਤੋਂ ਬਦਤਰ
Ad Position 24
No active advertisement