ਹੰਬੜਾਂ, 30 ਜੁਲਾਈ (ਮੇਜਰ ਹੰਬੜਾਂ)-ਵਿਧਾਨ ਸਭਾ ਹਲਕਾ ਦਾਖਾ ’ਚ ਹੋਏ ਵੱਡੇ ਵਿਕਾਸ ਕਾਰਜਾਂ ਤੇ ਲੋਕਾਂ ਨੂੰ ਸਰਕਾਰ ਦੀਆਂ ਚਲਾਈਆਂ ਲੋਕ ਭਲਾਈ ਸਕੀਮਾਂ ਮਿਲਣ ਨਾਲ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਨੇ ਹਲਕੇ ਅੰਦਰ ਲੋਕ ਮਿਲਣੀ ਸਮਾਗਮਾਂ ਸਮੇਂ ਲੋਕਾਂ ਦੇ ਮਿਲੇ ਵੱਡੇ ਸਹਿਯੋਗ ’ਤੇ ਆਪਣਾ ਪ੍ਰਤੀਕਰਮ ਪ੍ਰਗਟ ਕੀਤਾ। ਡਾ: ਕੰਗ ਨੇ ਹੋਰ ਕਿਹਾ ਕਿ ਸੂਬੇ ਦੇ ਲੋਕ ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ, ਜਿਸ ਨਾਲ ਸੂਬੇ ਅੰਦਰ 2027 ’ਚ ਭਗਵੰਤ ਮਾਨ ਮੁੜ ਮੁੱਖ ਮੰਤਰੀ ਬਣਨਗੇ ਉੱਥੇ ਹਲਕਾ ਦਾਖਾ ’ਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਦਰਜ ਕਰੇਗੀ। ਡਾ: ਕੰਗ ਨੇ ਦਾਅਵੇ ਨਾਲ ਕਿਹਾ ਕਿ ਅੱਜ ਹਲਕਾ ਦਾਖਾ ਦੇ ਵਰਕਰ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਨਾਲ ਖੁਸ਼ ਹਨ ਤੇ ਹਲਕੇ ਦੇ ਲੋਕ ਆਪ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਹਨ, ਜਿਸ ਦੀ ਮਿਸਾਲ ਹਲਕੇ ਦੇ ਪਿੰਡਾਂ ’ਚ ਰੱਖੀਆਂ ਲੋਕ ਮਿਲਣੀਆਂ ਸਮੇਂ ਹੋਏ ਭਾਰੀ ਇਕੱਠਾਂ ਤੋਂ ਮਿਲਦੀ ਹੈ, ਜਿਸ ਵਿੱਚ ਲੋਕ ਆਮ ਆਦਮੀ ਪਾਰਟੀਆਂ ਦੀਆਂ ਪ੍ਰਾਪਤੀਆਂ ਤੋਂ ਪੂਰੀ ਤਰ੍ਹਾਂ ਨਾਲ ਖੁਸ਼ ਨਜਰ ਆ ਰਹੇ ਸਨ। ਹਲਕਾ ਇੰਚਾਰਜ ਡਾ: ਕੰਗ ਨੇ ਕਿਹਾ ਕਿ ਪਾਰਟੀ ਵਰਕਰ ਤੱਕੜੇ ਹੋ ਜਾਣ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹਨ ਤੇ ਅਸੀਂ ਹੁਣ ਇਥੋਂ ਵਿਰੋਧੀਆਂ ਨੂੰ ਚਿੱਤ ਕਰਕੇ ਇਸ ਸੀਟ ਤੋਂ ਸ਼ਾਨਦਾਰ ਜਿੱਤ ਦਰਜ ਕਰਨੀ ਹੈ। ਡਾ.ਕੰਗ ਨੇ ਕਿਹਾ ਕਿ ਹਲਕਾ ਦਾਖਾ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਿੱਥੇ ਸੜਕਾਂ ਦੀ ਕਾਇਆ ਕਲਪ ਹੋਈ ਉੱਥੇ ਪਿੰਡਾਂ ’ਚ ਸੀਵਰੇਜ, ਇੰਟਰਲਾਕ ਗਲੀਆਂ ਸਮੇਤ ਹੋਰ ਵਿਕਾਸ ਕਾਰਜ ਇਕ ਮਿਸਾਲਾਂ ਹਨ ਤੇ ਹਲਕੇ ਦੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਵੱਡਾ ਲਾਭ ਮਿਲਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਬਲਾਕ ਪ੍ਰਧਾਨ ਲਖਵੀਰ ਸਿੰਘ, ਬੇਅੰਤ ਸਿੰਘ ਬਾਸੀਆਂ, ਬਲਾਕ ਪ੍ਰਧਾਨ ਬਲਵੀਰ ਸਿੰਘ ਸਮੇਤ ਹੋਰ ਆਗੂ ਵੀ ਮੌਜੂਦ ਸਨ।