ਮਲੌਦ, 31 ਜੁਲਾਈ (ਸਹਾਰਨ ਮਾਜਰਾ)-ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਚੋਮੋਂ ਮਲੌਦ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਜਦੋਂ ਸਕੂਲ ਦੀ ਅੰਡਰ-14 ਖੋ-ਖੋ ਲੜਕੀਆਂ ਦੀ ਟੀਮ ਨੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ। ਇਸ ਸ਼ਾਨਦਾਰ ਜਿੱਤ ਨਾਲ ਟੀਮ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਲਈ ਵੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸਕੂਲ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ ਮੋਦਗਿਲ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਵਿਦਿਆਰਥਣਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਟੀਮ ਭਾਵਨਾ ਅਤੇ ਅਧਿਆਪਕਾਂ ਦੇ ਸਮਰਪਿਤ ਮਾਰਗ ਦਰਸ਼ਨ ਦਾ ਨਤੀਜਾ ਹੈ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਡੀ.ਪੀ. ਹਰਪ੍ਰੀਤ ਸਿੰਘ ਅਤੇ ਅਧਿਆਪਕ ਤਰਲੋਚਨ ਸਿੰਘ ਦੀ ਮਿਹਨਤ ਤੇ ਕੋਚਿੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਨਿਰੰਤਰ ਯਤਨਾਂ ਨੇ ਟੀਮ ਨੂੰ ਇਸ ਵੱਡੀ ਸਫਲਤਾ ਤੱਕ ਪਹੁੰਚਾਇਆ ਹੈ। ਪ੍ਰਿੰਸੀਪਲ ਮੋਦਗਿਲ ਨੇ ਜੇਤੂ ਟੀਮ ਨੂੰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਵਿਦਿਆਰਥਣਾਂ ਉੱਥੇ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਹੋਰ ਵੀ ਰੌਸ਼ਨ ਕਰਨਗੀਆਂ। ਇਸ ਮੌਕੇ ਸਕੂਲ ਸਮੂਹ ਸਟਾਫ਼ ਅਤੇ ਮਾਪਿਆਂ ਨੇ ਵੀ ਵਿਦਿਆਰਥੀ ਖਿਡਾਰੀਆਂ ਦੀ ਇਸ ਉਪਲਬਧੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੇਤੂ ਖਿਡਾਰਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਚੋਮੋਂ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਲਗਾਤਾਰ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਮੌਕੇ ਡਾਕਟਰ ਕਰਨੈਲ ਸਿੰਘ ਕਾਲੀਆ, ਕਰਮਦੀਪ ਕੌਰ, ਮਾ. ਹਰਪ੍ਰੀਤ ਸਿੰਘ ਡੀ. ਪੀ. ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।