ਮਲੌਦ, 31 ਜੁਲਾਈ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਸਰਕਲ ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਯੂਥ ਵਿੰਗ ਹਲਕਾ ਪਾਇਲ ਦੇ ਪ੍ਰਧਾਨ ਜਸਪ੍ਰੀਤ ਸਿੰਘ ਮਾਲੋਦੌਦ ਅਤੇ ਹੋਰਨਾਂ ਆਗੂਆਂ ਵਲੋਂ ਪਿੰਡਾਂ ਵਿਚ ਬੂਥ ਕਮੇਟੀਆਂ ਦੇ ਗਠਨ ਅਤੇ 2027 ਦੀਆਂ ਚੋਣਾਂ ਲਈ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਬਲਾਕ ਮਲੌਦ ਦੇ ਪਿੰਡ ਜੋਗੀਮਾਜਰਾ ਵਿਖੇ ਯੂਥ ਆਗੂ ਧਨਮਿੰਦਰ ਸਿੰਘ ਮਿੰਟੂ ਦੇ ਗ੍ਰਹਿ ਵਿਖੇ ਮੀਟਿੰਗ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਨੌਜੁਆਨ ਵੀ ਸ਼ਾਮਿਲ ਹੋਏ। ਸੰਬੋਧਨ ਕਰਦਿਆਂ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਸਰਕਲ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਅਤੇ ਪਿਛਲੀ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਪੰਜਾਬ ਵਾਸੀ ਸਮਝ ਚੁੱਕੇ ਹਨ ਕਿ ਪੰਜਾਬ ਦਾ ਸ਼ਾਸਨ ਸਹੀ ਢੰਗ ਨਾਲ ਚਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਹੀ ਯੋਗ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ, ਜਿਸ ਲਈ ਪੰਜਾਬ ਦੇ ਹਿਤ ਵੱਡੇ ਹਨ। ਜਦਕਿ ਬਾਕੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ, ਜਿਨ੍ਹਾਂ ਨੂੰ ਦਿੱਲੀ ਵਾਲੀ ਹਾਈਕਮਾਂਡ ਅਨੁਸਾਰ ਚੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਮੀਟਿੰਗਾਂ ਦੌਰਾਨ ਭਾਰੀ ਉਤਸ਼ਾਹ ਮਿਲ ਰਿਹਾ ਹੈ। ਇਸ ਮੌਕੇ ਸਰਬਜੀਤ ਸਿੰਘ, ਦਰਸ਼ਨ ਸਿੰਘ, ਨਿੰਦਾ ਜੋਗੀਮਾਜਰਾ, ਗੁਰਮਨ ਸਿੰਘ, ਬੁੱਧ ਸਿੰਘ, ਕੋਮਲਪ੍ਰੀਤ ਸਿੰਘ, ਗੋਲੂ ਸਿੰਘ, ਹਰਪ੍ਰੀਤ ਸਿੰਘ, ਕਾਕਾ ਜੋਗੀਮਾਜਰਾ ਆਦਿ ਹਾਜ਼ਰ ਸਨ।