ਰੋਜ਼ਾਨਾ ਕਮਾ ਕੇ ਖਾਣ ਵਾਲਿਆਂ ਲਈ ਪੰਜਾਬ ਬੰਦ ਰਿਹਾ ਮੁਸ਼ਕਿਲਾਂ ਭਰਿਆ
ਰਾਏਕੋਟ, 21 ਅਗਸਤ (ਬਲਵਿੰਦਰ ਸਿੰਘ ਲਿੱਤਰ) ਕੌਮੀ ਇਨਸਾਫ਼ ਮੋਰਚੇ ਵਲੋਂ ਬੰਦ ਦੀ ਕਾਲ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਤੱਕ ਪੂਰਾ ਰਾਏਕੋਟ ਸ਼ਹਿਰ ਬੰਦ ਰਿਹਾ। ਪੰਜਾਬ ਬੰਦ ਦਾ ਸਭ ਤੋਂ ਵਧ ਅਸਰ ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਰੇਹੜੀ-ਫੜ੍ਹੀ ਸੰਚਾਲਕਾਂ ਅਤੇ ਦਿਹਾੜੀਦਾਰ ਮਜ਼ਦੂਰਾਂ ’ਤੇ ਪਿਆ ਹੈ।
ਰਾਏਕੋਟ, 21 ਅਗਸਤ (ਬਲਵਿੰਦਰ ਸਿੰਘ ਲਿੱਤਰ) ਕੌਮੀ ਇਨਸਾਫ਼ ਮੋਰਚੇ ਵਲੋਂ ਬੰਦ ਦੀ ਕਾਲ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਤੱਕ ਪੂਰਾ ਰਾਏਕੋਟ ਸ਼ਹਿਰ ਬੰਦ ਰਿਹਾ। ਪੰਜਾਬ ਬੰਦ ਦਾ ਸਭ ਤੋਂ ਵਧ ਅਸਰ ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਰੇਹੜੀ-ਫੜ੍ਹੀ ਸੰਚਾਲਕਾਂ ਅਤੇ ਦਿਹਾੜੀਦਾਰ ਮਜ਼ਦੂਰਾਂ ’ਤੇ ਪਿਆ ਹੈ। ਰੇਹੜੀ-ਫੜ੍ਹੀ ਲਗਾਉਣ ਵਾਲੇ ਅਤੇ ਦਿਹਾੜੀ ’ਤੇ ਕੰਮ ਕਰਨ ਵਾਲੇ ਲੋਕ ਅੱਜ ਕੰਮ ’ਤੇ ਨਹੀਂ ਜਾ ਸਕੇ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਰੇਹੜੀ-ਫੜ੍ਹੀ ਵਾਲੇ ਅਜਿਹੇ ਹਨ, ਜੋ ਰੋਜ਼ਾਨਾ ਦੀ ਕਮਾਈ ਨਾਲ ਹੀ ਆਪਣੇ ਪਰਿਵਾਰ ਦਾ ਖ਼ਰਚਾ ਚਲਾਉਂਦੇ ਹਨ ਅਤੇ ਕਈ ਲੋਕ ਆਪਣੀ ਰੇਹੜ੍ਹੀ ਲਗਾਉਣ ਵਾਲੀ ਥਾਂ ਦਾ ਕਿਰਾਇਆ ਵੀ ਅਦਾ ਕਰਦੇ ਹਨ।ਇਸੇ ਤਰ੍ਹਾਂ ਦਿਹਾੜੀਦਾਰ ਮਜ਼ਦੂਰਾਂ ਨੂੰ ਵੀ ਸਵੇਰੇ ਕੰਮ ਨਹੀਂ ਮਿਲਿਆ, ਜਿਸ ਕਾਰਨ ਉਨ੍ਹਾਂ ਦੀ ਇਕ ਦਿਨ ਦੀ ਕਮਾਈ ਪ੍ਰਭਾਵਿਤ ਹੋਈ।ਬੰਦ ਦਾ ਅਸਰ ਸ਼ਹਿਰ ਵਿਚ ਭੀਖ ਮੰਗਣ ਵਾਲੇ ਲੋਕਾਂ ’ਤੇ ਵੀ ਦਿਖਾਈ ਦਿੱਤਾ। ਲੁਧਿਆਣਾ ਤੋਂ ਹਫ਼ਤੇ ਵਿਚ ਇਕ ਵਾਰ ਰਾਏਕੋਟ ਵਿਚ ਭੀਖ ਮੰਗਣ ਆਉਣ ਵਾਲਾ ਇੱਕ ਵਿਅਕਤੀ ਵੀ ਬੰਦ ਦੁਕਾਨ ਦੇ ਸਾਹਮਣੇ ਮੱਥਾ ਫੜ੍ਹ ਕੇ ਬੈਠਾ ਦਿਖਾਈ ਦਿੱਤਾ ਅਤੇ ਉਹ ਆਪਣੀ ਅੱਜ ਦੀ ਕਮਾਈ ਦਾ ਹਿਸਾਬ ਲਗਾਉਂਦਾ ਨਜ਼ਰ ਆਇਆ। ਸਵੇਰੇ ਰਾਏਕੋਟ ਬਾਜ਼ਾਰ ਪਹੁੰਚਣ ’ਤੇ ਸਾਰੀਆਂ ਦੁਕਾਨਾਂ ਬੰਦ ਮਿਲਣ ਕਾਰਨ ਉਸ ਦੀ ਕੋਈ ਖਾਸ ਕਮਾਈ ਨਹੀਂ ਹੋ ਸਕੀ, ਜਦਕਿ ਆਉਣ-ਜਾਣ ਅਤੇ ਰੋਜ਼ਮਰ੍ਹਾ ਦੇ ਖ਼ਰਚ ਦਾ ਭਾਰ ਉਸਨੂੰ ਚੁੱਕਣਾ ਹੀ ਪਿਆ।