ਚੇਅਰਮੈਨ ਦਲਿਤ ਵਿਕਾਸ ਬੋਰਡ ਵਿਜੈ ਦਾਨਵ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਕਿਹਾ, ਪੰਜਾਬ ਸਰਕਾਰ ਦੀਆਂ ਸਾਰਥਿਕ ਨੀਤੀਆਂ ਕਾਰਨ ਹਰ ਵਰਗ ’ਚ ਖੁਸ਼ੀ ਦੀ ਲਹਿਰ
ਜਗਰਾਉਂ, 22 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਦੇ ਵਫ਼ਦ ਵਲੋਂ ਅੱਜ ਮੁੱਖ ਸੰਚਾਲਕ ਅਤੇ ਚੇਅਰਮੈਨ ਦਲਿਤ ਵਿਕਾਸ ਬੋਰਡ ਪੰਜਾਬ ਸਰਕਾਰ ਵਿਜੈ ਦਾਨਵ ਦੀ ਅਗਵਾਈ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਗਈ।
ਜਗਰਾਉਂ, 22 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਦੇ ਵਫ਼ਦ ਵਲੋਂ ਅੱਜ ਮੁੱਖ ਸੰਚਾਲਕ ਅਤੇ ਚੇਅਰਮੈਨ ਦਲਿਤ ਵਿਕਾਸ ਬੋਰਡ ਪੰਜਾਬ ਸਰਕਾਰ ਵਿਜੈ ਦਾਨਵ ਦੀ ਅਗਵਾਈ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਵਿਜੈ ਦਾਨਵ ਅਤੇ ਸਮੂਹ ਭਾਵਾਧਸ ਆਗੂਆਂ ਵਲੋਂ ਪੰਜਾਬ ਦੀਆਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਸਮੇਂਤ ਸਮੁੱਚੇ ਪੰਜਾਬ ਵਿਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਜਿਥੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਵਿਜੈ ਦਾਨਵ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਾਲ 2021 ਦੀ ਨੀਤੀ ਤਹਿਤ ਜੋ ਸਫ਼ਾਈ ਸੇਵਕ ਅਤੇ ਸੀਵਰਮੈਨ ਇਨ-ਸੋਰਸ ਜਾਂ ਠੇਕਾ ਆਧਾਰ ’ਤੇ ਨਿਯੁਕਤ ਕੀਤੇ ਗਏ ਸਨ, ਉਨ੍ਹਾਂ ਦੀ ਉਮਰ ਅਤੇ ਸੇਵਾ ਦੀ ਮਿਆਦ ਦੀ ਸ਼ਰਤ ਹਟਾ ਕੇ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ ਅਤੇ ਇਸ ਤੋਂ ਇਲਾਵਾ ਆਊਟਸੋਰਸ ਏਜੰਸੀਆਂ ਰਾਹੀਂ ਘੱਟੋ-ਘੱਟ 3 ਸਾਲ ਦੀ ਲਗਾਤਾਰ ਸੇਵਾ ਪੂਰੀ ਕਰ ਚੁੱਕੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਸਿੱਧੇ ਠੇਕਾ ਆਧਾਰ ‘ਇਨ-ਸੋਰਸ’ ’ਤੇ ਲੈਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ ਅਤੇ ਦਰਜਾ-3 ਅਤੇ ਦਰਜਾ-4 ਦੇ ਬਾਕੀ ਆਊਟਸੋਰਸ ਕਰਮਚਾਰੀਆਂ ਲਈ ਪੰਜਾਬ ਵਿਧਾਨ ਸਭਾ ਵਿੱਚ ਜ਼ਰੂਰੀ ਕਾਨੂੰਨ ਮਤਾ ਵੀ ਲਿਆਂਦਾ ਗਿਆ ਹੈ ਜਿਸ ਨਾਲ ਮੁਲਾਜ਼ਮਾਂ ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਠੇਕਾ ਆਧਾਰਿਤ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਮਹੀਨਾਵਾਰ ਮਾਣਭੱਤਾ 1 ਅਗਸਤ 2026 ਤੋਂ ਸੋਧ ਕੇ ਰੈਗੂਲਰ ਪ੍ਰੋਬੇਸ਼ਨ ਵਾਲੇ ਕਰਮਚਾਰੀਆਂ ਦੇ ਬਰਾਬਰ ਕਰ ਦਿੱਤਾ ਗਿਆ ਹੈ ਅਤੇ ਡਿਊਟੀ ਦੌਰਾਨ ਕਿਸੇ ਵੀ ਠੇਕਾ ਜਾਂ ਆਊਟਸੋਰਸ ਸਫ਼ਾਈ ਸੇਵਕ, ਸੀਵਰਮੈਨ ਜਾਂ ਫਾਇਰਮੈਨ ਦੀ ਮੌਤ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਇੱਕ ਯੋਗ ਮੈਂਬਰ ਨੂੰ ਤਰਸ ਦੇ ਆਧਾਰ ’ਤੇ ਉਸੇ ਆਸਾਮੀ ’ਤੇ ਤੁਰੰਤ ਨੌਕਰੀ ਦਿੱਤੀ ਜਾਵੇਗੀ ਜੋ ਕਿ ਮੁਲਾਜ਼ਮਾਂ ਲਈ ਬਹੁਤ ਹੀ ਰਾਹਤ ਵਾਲੀ ਗੱਲ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਬਹੁਤ ਜਿਆਦਾ ਖੁਸ਼ ਹੈ ਅਤੇ ਸਮੁੱਚੇ ਵਾਲਮੀਕਿ ਭਾਈਚਾਰੇ ਸਮੇਤ ਸਮੂਹ ਐੱਸ.ਸੀ. ਭਾਈਚਾਰਾ ਆਮ ਆਦਮੀ ਪਾਰਟੀ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਪੰਜਾਬ ਦੀ ਜਨਤਾ 2027 ਵਿਚ ਫ਼ਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਦੁਬਾਰਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਵੇਗੀ। ਇਸ ਮੌਕੇ ਅਕਸ਼ੇ ਰਾਜ, ਦੇਵ ਰਾਜ ਅਸੁਰ, ਮਹਿਕ ਸਿੰਘ ਚੌਹਾਨ, ਸੰਜੇ ਦਿਸ਼ਾਵਰ, ਦੀਪੂ ਘਈ, ਸ਼ਾਮ ਬੋਹਤ, ਕਨੌਜ ਦਾਨਵ ਆਦਿ ਹਾਜ਼ਰ ਸਨ।