ਸੜਕ ਸੁਰੱਖਿਆ ਫੋਰਸ, ਟ੍ਰੈਫ਼ਿਕ ਪੁਲਿਸ ਅਤੇ ਥਾਣਾ ਸਿਟੀ ਕਿਸੇ ਵੱਡੇ ਹਾਦਸੇ ਦੀ ਉਡੀਕ ’ਚ..!
2-3 ਦਿਨਾਂ ਤੋਂ ਸੜਕ ਵਿਚਕਾਰ ਖੜ੍ਹਾ ਹਾਦਸਾਗ੍ਰਸਤ ਕੈਂਟਰ, ਲੋਕ ਪ੍ਰੇਸ਼ਾਨ
ਰਾਏਕੋਟ, 3 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਰਾਏਕੋਟ ਸ਼ਹਿਰ ਦੇ ਬਰਨਾਲਾ ਸਾਈਡ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਨਜ਼ਦੀਕ ਪਿਛਲੇ 2-3 ਦਿਨਾਂ ਤੋਂ ਇਕ ਹਾਦਸਾਗ੍ਰਸਤ ਕੈਂਟਰ ਰੋਡ ਵਿਚਕਾਰ ਲਾਵਾਰਿਸ ਹਾਲਤ ਵਿਚ ਖੜ੍ਹਾ ਹੈ। ਜਿਸ ਨਾਲ ਜਿੱਥੇ ਇਸ ਭੀੜ-ਭੜੱਕੇ ਵਾਲੇ ਰੋਡ ਉੱਪਰ ਆਵਾਜਾਈ ਵਿਚ ਭਾਰੀ ਵਿਘਨ ਪਾਉਂਦਾ ਹੈ, ਉੱਥੇ ਹੀ ਇਸ ਖੜ੍ਹੇ ਵਾਹਨ ਕਾਰਨ ਕੋਈ ਵੱਡਾ ਭਿਆਨਕ ਹਾਦਸਾ ਵੀ ਜਨਮ ਲੈ ਸਕਦਾ ਹੈ।
ਰਾਏਕੋਟ, 3 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਰਾਏਕੋਟ ਸ਼ਹਿਰ ਦੇ ਬਰਨਾਲਾ ਸਾਈਡ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਨਜ਼ਦੀਕ ਪਿਛਲੇ 2-3 ਦਿਨਾਂ ਤੋਂ ਇਕ ਹਾਦਸਾਗ੍ਰਸਤ ਕੈਂਟਰ ਰੋਡ ਵਿਚਕਾਰ ਲਾਵਾਰਿਸ ਹਾਲਤ ਵਿਚ ਖੜ੍ਹਾ ਹੈ। ਜਿਸ ਨਾਲ ਜਿੱਥੇ ਇਸ ਭੀੜ-ਭੜੱਕੇ ਵਾਲੇ ਰੋਡ ਉੱਪਰ ਆਵਾਜਾਈ ਵਿਚ ਭਾਰੀ ਵਿਘਨ ਪਾਉਂਦਾ ਹੈ, ਉੱਥੇ ਹੀ ਇਸ ਖੜ੍ਹੇ ਵਾਹਨ ਕਾਰਨ ਕੋਈ ਵੱਡਾ ਭਿਆਨਕ ਹਾਦਸਾ ਵੀ ਜਨਮ ਲੈ ਸਕਦਾ ਹੈ। ਸੂਤਰਾਂ ਅਨੁਸਾਰ ਇਹ ਕੈਂਟਰ 2-3 ਦਿਨ ਪਹਿਲਾਂ ਇਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ।ਹਾਦਸਾ ਵਾਪਰਨ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਚਲਾ ਗਿਆ ਸੀ ਅਤੇ ਅੱਜ ਤੱਕ ਆਪਣੇ ਵਾਹਨ ਨੂੰ ਇਸ ਜਗ੍ਹਾ ਤੋਂ ਲਿਜਾਣ ਲਈ ਕੋਈ ਯਤਨ ਨਹੀਂ ਕੀਤਾ, ਪ੍ਰੰਤੂ ਇਸ ਮਾਮਲੇ ’ਤੇ ਸੜਕ ਸੁਰੱਖਿਆ ਫੋਰਸ ਅਤੇ ਰਾਏਕੋਟ ਦੇ ਸਿਟੀ ਥਾਣਾ ਪੁਲਿਸ ਵਲੋਂ ਕੋਈ ਕਦਮ ਨਾ ਉਠਾਏ ਜਾਣਾ ਵੀ ਹੈਰਾਨੀ ਦਾ ਪ੍ਰਗਟਾਵਾ ਕਰਦਾ ਹੈ, ਕਿਉਂਕਿ ਇਹ ਹਾਦਸਾਗ੍ਰਸਤ ਕੈਂਟਰ ਸੜਕ ਦੇ ਇਕ ਹਿੱਸੇ ’ਤੇ ਜਿਉਂ ਦਾ ਤਿਉਂ ਖੜ੍ਹਾ ਹੈ, ਜਿਸ ਕਾਰਨ ਲੰਘਣ ਵਾਲੇ ਵਾਹਨਾਂ ਲਈ ਲਗਾਤਾਰ ਖਤਰਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਅਨੁਸਾਰ ਇਹ ਰੋਡ ਪਹਿਲਾਂ ਹੀ ਕਾਫ਼ੀ ਚਹਿਲ-ਪਹਿਲ ਵਾਲਾ ਹੈ ਅਤੇ ਸੈਕਰਡ ਹਾਰਟ ਸਕੂਲ ਨਜ਼ਦੀਕ ਹੋਣ ਕਾਰਨ ਸਵੇਰੇ ਸਕੂਲ ਲੱਗਣ ਅਤੇ ਸ਼ਾਮ ਨੂੰ ਛੁੱਟੀ ਦੇ ਸਮੇਂ ਇੱਥੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਅਜਿਹੇ ਮੌਕੇ ’ਤੇ ਰੋਡ ਦੇ ਵਿਚਕਾਰ ਖੜ੍ਹੇ ਇਸ ਕੈਂਟਰ ਕਾਰਨ ਸੜਕ ’ਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਸਕੂਲੀ ਬੱਸਾਂ, ਆਟੋ-ਰਿਕਸ਼ਾ ਅਤੇ ਆਪਣੀਆਂ ਨਿੱਜੀ ਗੱਡੀਆਂ ’ਤੇ ਬੱਚਿਆਂ ਨੂੰ ਸਕੂਲ ਛੱਡਣ ਤੇ ਲੈਣ ਆਉਂਦੇ ਮਾਪਿਆਂ ਨੂੰ ਲੰਮਾ ਸਮਾਂ ਜਾਮ ਵਿਚ ਫਸਣਾ ਪੈਂਦਾ ਹੈ।ਰਾਹਗੀਰਾਂ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਦਿਨ ਵੇਲੇ ਤਾਂ ਇਹ ਵਾਹਨ ਨਜ਼ਰ ਆ ਜਾਂਦਾ ਹੈ, ਪਰ ਰਾਤ ਦੇ ਸਮੇਂ ਸੜਕ ’ਤੇ ਢੁੱਕਵੀਂ ਰੌਸ਼ਨੀ ਨਾ ਹੋਣ ਕਾਰਨ ਕੋਈ ਵੀ ਤੇਜ਼ ਰਫ਼ਤਾਰ ਵਾਹਨ ਇਸ ਹਾਦਸਾਗ੍ਰਸਤ ਟੈਂਪੂ ਨਾਲ ਟਕਰਾ ਸਕਦਾ ਹੈ। ਜੇਕਰ ਸਮਾਂ ਰਹਿੰਦੇ ਇਸ ਨੂੰ ਰੋਡ ਕਿਨਾਰੇ ਤੋਂ ਨਾ ਹਟਾਇਆ ਗਿਆ ਤਾਂ ਇਹ ਕਿਸੇ ਵੱਡੀ ਦੁਰਘਟਨਾ ਜਾਂ ਜਾਨੀ-ਮਾਲੀ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਲੋਕਾਂ ਨੇ ਕਿਹਾ ਕਿ ਟ੍ਰੈਫ਼ਿਕ ਪੁਲਿਸ, ਸੜਕ ਸੁਰੱਖਿਆ ਫੋਰਸ ਅਤੇ ਸਥਾਨਕ ਪ੍ਰਸ਼ਾਸਨ ਇਸ ਮਾਮਲੇ ’ਤੇ ਤੁਰੰਤ ਐਕਸ਼ਨ ਨਾ ਲੈਣਾ ਵੱਡੀ ਨਾਕਾਮੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਬੀਤੇ ਦਿਨ ਇਸੇ ਰੋਡ ਉੱਪਰ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਦੀ ਡਿਊਢੀ ਨਜ਼ਦੀਕ ਇਕ ਅਣਪਛਾਤੀ ਸਵਿੱਫ਼ਟ ਡਿਜ਼ਾਇਰ ਕਾਰ ਲਾਵਾਰਿਸ ਹਾਲਾਤਾਂ ਵਿਚ ਖੜ੍ਹੀ ਹੈ, ਇਸ ਉਕਤ ਗੱਡੀ ਤੋਂ ਦੋਵੇਂ ਨੰਬਰ ਪਲੇਟਾਂ ਵੀ ਗਾਇਬ ਹਨ ਜਿਸ ਕਰਕੇ ਇਹ ਮਾਮਲੇ ਸ਼ੱਕੀ ਜਾਪਦਾ ਹੈ। ਇਨ੍ਹਾਂ ਮਾਮਲਿਆਂ ਸਬੰਧੀ ਪੁਲਿਸ ਪ੍ਰਸ਼ਾਸਨ ਰਾਏਕੋਟ ਨੂੰ ਕੋਈ ਜਾਣਕਾਰੀ ਨਾ ਹੋਣਾ ਹੈਰਾਨੀਜਨਕ ਹੈ।