ਭੋਗ ’ਤੇ ਵਿਸ਼ੇਸ਼- ਅੰਮ੍ਰਿਤਪਾਲ ਕੌਰ (ਅੰਮੀ ਜੀ)
ਮੁੱਲਾਂਪੁਰ ਦਾਖਾ- ਅੰਮ੍ਰਿਤਪਾਲ ਕੌਰ ਦਾ ਜਨਮ ਬੀਬੀ ਪ੍ਰਸਿਨ ਕੌਰ ਦੀ ਕੁੱਖੋਂ ਸਰਵਨ ਸਿੰਘ ਦੇ ਗ੍ਰਹਿ 18 ਜਨਵਰੀ 1934 ਨੂੰ ਫਰੀਦਕੋਟ ਵਿਖੇ ਹੋਇਆ। ਉਨ੍ਹਾਂ ਦੇ ਮਾਤਾ ਜੀ ਸਕੂਲ ਟੀਚਰ ਅਤੇ ਬਾਪੂ ਜੀ ਵਲੋਂ ਫਰੀਦਕੋਟ ਰਿਆਸਤ ਵਿਚ ਇਸਟੇਟ ਮੈਨੇਜਰ ਦੇ ਤੌਰ ’ਤੇ ਸੇਵਾ ਨਿਭਾਈ ਗਈ, ਸਰਦਾਰ ਸਾਹਿਬ ਬ੍ਰਿਟਿਸ਼ ਰਾਜ ਦੌਰਾਨ ਐੱਮ.
ਮੁੱਲਾਂਪੁਰ ਦਾਖਾ- ਅੰਮ੍ਰਿਤਪਾਲ ਕੌਰ ਦਾ ਜਨਮ ਬੀਬੀ ਪ੍ਰਸਿਨ ਕੌਰ ਦੀ ਕੁੱਖੋਂ ਸਰਵਨ ਸਿੰਘ ਦੇ ਗ੍ਰਹਿ 18 ਜਨਵਰੀ 1934 ਨੂੰ ਫਰੀਦਕੋਟ ਵਿਖੇ ਹੋਇਆ। ਉਨ੍ਹਾਂ ਦੇ ਮਾਤਾ ਜੀ ਸਕੂਲ ਟੀਚਰ ਅਤੇ ਬਾਪੂ ਜੀ ਵਲੋਂ ਫਰੀਦਕੋਟ ਰਿਆਸਤ ਵਿਚ ਇਸਟੇਟ ਮੈਨੇਜਰ ਦੇ ਤੌਰ ’ਤੇ ਸੇਵਾ ਨਿਭਾਈ ਗਈ, ਸਰਦਾਰ ਸਾਹਿਬ ਬ੍ਰਿਟਿਸ਼ ਰਾਜ ਦੌਰਾਨ ਐੱਮ. ਐੱਲ . ਏ. ਵੀ ਰਹੇ। ਦੋ ਭਰਾਵਾਂ ਦੀ ਇਕ ਭੈਣ ਅੰਮ੍ਰਿਤਪਾਲ ਕੌਰ ਦਾ ਬਚਪਨ ਬੜੇ ਲਾਡ-ਪਿਆਰ ਅਤੇ ਅਨੁਸ਼ਾਸਨ ਵਿਚ ਬਤੀਤ ਹੋਇਆ। ਮੁੱਢਲੀ ਸਕੂਲੀ ਸਿੱਖਿਆ ਫਰੀਦਕੋਟ ਤੋਂ ਪ੍ਰਾਪਤ ਕਰਨ ਮਗਰੋਂ, ਦੇਵ ਸਮਾਜ ਕਾਲਜ ਫਿਰੋਜਪੁਰ ਤੋਂ ਬੀ.ਏੇ, ਬੀ.ਟੀ ਦੀ ਪੜ੍ਹਾਈ ਕੀਤੀ। ਸਾਲ 1954 ਵਿਚ ਡਾ. ਗੁਰਮੇਲ ਸਿੰਘ ਬੋਪਾਰਾਏ ਕਲਾਂ ਨਾਲ ਆਨੰਦ ਕਾਰਜ ਹੋਏ, ਉਪਰੰਤ ਆਪ ਅਧਿਆਪਨ ਦਾ ਖੇਤਰ ਚੁਣ ਕੇ ਸਕੂਲ ਵਿਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਤਾਲੀਮ ਦੇ ਖੇਤਰ ਵਿਚ ਲੰਬੀਆਂ ਸੇਵਾਵਾਂ ਬਾਅਦ ਬਤੌਰ ਮੁੱਖ ਅਧਿਆਪਕਾ ਸਾਲ 1992 ਵਿਚ ਸੇਵਾ ਮੁਕਤ ਹੋਏ। ਅੰਮ੍ਰਿਤਪਾਲ ਕੌਰ ਦੀ ਅਗਲੀ ਪੀੜੀ ਡਾ. ਪ੍ਰੀਤ ਰੰਜਨ, ਡਾ. ਅਮਰਪ੍ਰੀਤ ਸਿੰਘ, ਡਾ.ਸਿਮਰਪ੍ਰੀਤ ਅਤੇ ਉਨ੍ਹਾਂ ਦੇ ਜੀਵਨ ਸਾਥੀ ਆਪਣੇ ਖੇਤਰ ਵਿਚ ਵਧੀਆ ਕੰਮ ਕਰ ਰਹੇ ਹਨ। ਅੰਮੀ ਜੀ (ਆਪਣੇ ਜਾਨਣ ਵਾਲਿਆਂ ਵਿਚ ਉਹ ਇਸ ਪਿਆਰੇ ਜਿਹੇ ਸੰਬੋਧਨ ਨਾਲ ਜਾਣੇ ਜਾਂਦੇ ਹਨ) ਦੀ ਸਮਾਜ ਨੂੰ ਦੇਣ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ। ਪੜ੍ਹਾਈ ਦੇ ਖੇਤਰ ਵਿਚ ਮੋਹਰੀ ਅਤੇ ਆਰਥਿਕ ਪੱਖੋਂ ਬੱਚਿਆਂ ਦੀ ਅੰਮੀ ਜੀ ਵਲੋਂ ਪੜ੍ਹਾਈ ਲਈ ਦਿਲ ਖੋਲ੍ਹ ਕੇ ਮੱਦਦ ਹੁੰਦੀ, ਅਜਿਹੇ ਵਿਦਿਆਰਥੀ ਉੱਚੇ ਮੁਕਾਮ’ਤੇ ਪਹੁੰਚ ਕੇ ਵੀ ਅੰਮੀ ਜੀ ਦੇ ਸੰਪਰਕ ਵਿਚ ਰਹੇ। ਅਨੁਸ਼ਾਸਨ ਪਸੰਦ ਅੰਮੀ ਜੀ ਆਪਣੇ ਸਹਿਕਰਮੀ ਅਤੇ ਵਿਦਿਆਰਥੀਆਂ ਵਿਚ ਹਰਮਨ ਪਿਆਰੇ ਸਨ, ਅਜਿਹੇ ਲੋਕ ਅੰਮੀ ਜੀ ਨੂੰ ਚਾਅ ਨਾਲ ਯਾਦ ਕਰਦੇ ਅਤੇ ਸਮੇਂ- ਸਮੇਂ ਸਿਰ ਮਿਲਣ ਵੀ ਆਉਂਦੇ ਰਹਿੰਦੇ ਸਨ। ਡਾ. ਗੁਰਮੇਲ ਸਿੰਘ, ਜੋ ਕਿ ਆਪ ਵੀ ਮਹਾਨ ਸਮਾਜ ਸੇਵਕ ਰਹੇ ਹਨ, ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਅੰਮੀ ਜੀ ਦਾ ਸਮਾਜ ਸੇਵੀ ਕਾਰਜਾਂ ਵਿਚ ਵੱਡਾ ਯੋਗਦਾਨ ਰਿਹਾ, ਹਰ ਕਦਮ ’ਤੇ ਡਾ: ਸਾਹਿਬ ਦਾ ਸਾਥ ਦਿੱਤਾ ਅਤੇ ਇਕ ਚੰਗੇ ਜੀਵਨ ਸਾਥੀ ਸਾਬਿਤ ਹੋਏ। ਆਪਣੇ ਬੱਚਿਆਂ ਲਈ ਤਾਂ ਹਰ ਮਾਂ ਬਾਪ ਚੰਗਾ ਸੋਚਦਾ ਅਤੇ ਕਰਦਾ ਹੈ, ਪਰ ਆਪ ਜੀ ਨੇ ਤਾਂ ਆਪਣੇ ਵਿਸਤ੍ਰਿਤ ਪਰਿਵਾਰ, ਰਿਸ਼ਤੇਦਾਰਾਂ ਅਤੇ ਜਾਣ-ਪਹਿਚਾਣ ਵਾਲਿਆ ਲਈ ਵੀ ਉਨ੍ਹਾਂ ਹੀ ਉੱਦਮ ਕੀਤਾ। ਉਨ੍ਹਾਂ ਨੇ ਆਪਣੀ ਜ਼ਿੰਦਗੀ ਬਹੁਤ ਖੂਬਸੂਰਤ ਤਰੀਕੇ ਨਾਲ, ਆਪਣੇ ਨਿਯਮ ਅਤੇ ਸ਼ਰਤਾਂ ਨਾਲ ਬਤੀਤ ਕੀਤੀ। ਅਖੀਰਲੇ ਸਮੇਂ ਤੱਕ ਅੰਮੀ ਜੀ ਨੇ ਆਪਣਾ ਸਮਾਜਿਕ ਮੇਲ ਮਿਲਾਪ ਬਣਾਈ ਰੱਖਿਆ। ਉਨ੍ਹਾਂ ਦੀਆਂ ਯਾਦਾਂ ਅਤੇ ਕਰਮ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਹਮੇਸ਼ਾ ਵਸੀਆਂ ਰਹਿਣਗੀਆਂ। ਅੰਮੀ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 2 ਨਵੰਬਰ 2026 ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਮਿਤੀ 10 ਨਵੰਬਰ 2026 ਨੂੰ ਉਨ੍ਹਾਂ ਨਮਿਤ ਆਰੰਭ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਜੀ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਮਤਿ ਭਵਨ ਮੰਡੀ ਮੁੱਲਾਂਪੁਰ ਦਾਖਾ (ਲੁਧਿ:) ਵਿਖੇ ਹੋਵੇਗੀ। -ਨਿਰਮਲ ਸਿੰਘ ਧਾਲੀਵਾਲ