ਖਿਡੌਣਾ ਪਿਸਤੌਲ ਨਾਲ ਦਹਿਸ਼ਤ ਫੈਲਾ ਕੇ ਜਗਰਾਉਂ ’ਚ ਦੋ ਦੁਕਾਨਾਂ ’ਤੇ ਲੁੱਟ
ਜਗਰਾਉਂ, 18 ਨਵੰਬਰ (ਗੁਰਦੀਪ ਸਿੰਘ ਮਲਕ)- ਜਗਰਾਉਂ ਵਿਚ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਦਿਨ-ਦਿਹਾੜੇ ਦੁਕਾਨਾਂ ਵਿਚ ਦਾਖ਼ਲ ਹੋ ਕੇ ਔਰਤਾਂ ਨੂੰ ਪਿਸਤੌਲ ਦਿਖਾ ਕੇ ਲੁੱਟ-ਖੋਹ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਬੁੱਧਵਾਰ ਨੂੰ ਬਰੇਜ਼ਾ ਕਾਰ ਵਿੱਚ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਸ਼ਹਿਰ ਵਿੱਚ ਦੋ ਵੱਖ-ਵੱਖ ਥਾਵਾਂ ’ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾ ਦਿੱਤੀ।
ਸ
ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋਈ ਲੁਟੇਰਿਆਂ ਦੀ ਤਸਵੀਰ। ਅਜੀਤ ਤਸਵੀਰ
19-11-2026
ਜਗਰਾਉਂ, 18 ਨਵੰਬਰ (ਗੁਰਦੀਪ ਸਿੰਘ ਮਲਕ)- ਜਗਰਾਉਂ ਵਿਚ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਦਿਨ-ਦਿਹਾੜੇ ਦੁਕਾਨਾਂ ਵਿਚ ਦਾਖ਼ਲ ਹੋ ਕੇ ਔਰਤਾਂ ਨੂੰ ਪਿਸਤੌਲ ਦਿਖਾ ਕੇ ਲੁੱਟ-ਖੋਹ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਬੁੱਧਵਾਰ ਨੂੰ ਬਰੇਜ਼ਾ ਕਾਰ ਵਿੱਚ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਸ਼ਹਿਰ ਵਿੱਚ ਦੋ ਵੱਖ-ਵੱਖ ਥਾਵਾਂ ’ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾ ਦਿੱਤੀ। ਲੁਟੇਰਿਆਂ ਨੇ ਅਗਵਾੜ ਲੋਪੋ ਤੋਂ ਨਾਨਕਸਰ ਜਾਣ ਵਾਲੇ ਰਸਤੇ ’ਤੇ ਸਥਿਤ ਏਕਜੋਤ ਕਲੀਨਿਕ ਅਤੇ ਡਿਸਪੋਜ਼ਲ ਰੋਡ ਸਥਿਤ ਸਿੰਗਲਾ ਕਰਿਆਨਾ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਇਆ। ਦੋਵਾਂ ਵਾਰਦਾਤਾਂ ਦੌਰਾਨ ਲੁਟੇਰਿਆਂ ਨੇ ਖਿਡੌਣਾ ਪਿਸਤੌਲ ਨਾਲ ਗੋਲੀ ਚੱਲਣ ਵਰਗੀ ਆਵਾਜ਼ ਕੱਢ ਕੇ ਲੋਕਾਂ ਨੂੰ ਡਰਾਇਆ। ਖਾਸ ਗੱਲ ਇਹ ਹੈ ਕਿ ਲੁਟੇਰਿਆਂ ਵਲੋਂ ਵਰਤੇ ਗਏ ਪਿਸਤੌਲ ਅਸਲੀ ਨਹੀਂ, ਸਗੋਂ ਦੀਵਾਲੀ ਮੌਕੇ ਬੱਚਿਆਂ ਵਲੋਂ ਪਟਾਕੇ ਚਲਾਉਣ ਲਈ ਵਰਤੇ ਜਾਣ ਵਾਲੇ ਖਿਡੌਣਾ ਪਿਸਤੌਲ ਸਨ। ਲਗਾਤਾਰ ਦੋ ਵਾਰਦਾਤਾਂ ਕਾਰਨ ਸ਼ਹਿਰ ਦੇ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਵਾਰਦਾਤ ਅਗਵਾੜ ਲੋਪੋ ਤੋਂ ਨਾਨਕਸਰ ਜਾਣ ਵਾਲੇ ਰਸਤੇ ’ਤੇ ਸਥਿਤ ਏਕਜੋਤ ਕਲੀਨਿਕ ਵਿਚ ਹੋਈ। ਇੱਥੇ ਬਰੀਜ਼ਾ ਕਾਰ ਵਿਚ ਸਵਾਰ ਹੋ ਕੇ ਪਹੁੰਚੇ ਦੋ ਲੁਟੇਰਿਆਂ ਨੇ ਗੋਲੀ ਚੱਲਣ ਵਰਗੀ ਆਵਾਜ਼ ਕੱਢ ਕੇ ਕਲੀਨਿਕ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਤੋਂ ਬਾਅਦ ਉਹ ਕਲੀਨਿਕ ਅੰਦਰ ਪਿਆ ਲੈਪਟਾਪ ਅਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਏ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵਾਂ ਲੁਟੇਰਿਆਂ ਨੇ ਡਿਸਪੋਜ਼ਲ ਰੋਡ ਸਥਿਤ ਸਿੰਗਲਾ ਕਰਿਆਨਾ ਸਟੋਰ ਨੂੰ ਬਣਾਇਆ। ਦੁਕਾਨ ਸੰਚਾਲਕ ਮੋਨਿਕਾ ਸਿੰਗਲਾ ਤੇ ਰੀਟਾ ਸਿੰਗਲਾ ਨੇ ਦੱਸਿਆ ਕਿ ਵਾਰਦਾਤ ਸਮੇਂ ਦੁਕਾਨ ’ਤੇ ਮੀਨੂ ਆਪਣੀ ਸੱਸ ਨਾਲ ਬੈਠੀ ਹੋਈ ਸੀ। ਇਸੇ ਦੌਰਾਨ ਦੋ ਨੌਜਵਾਨ ਦੁਕਾਨ ਵਿੱਚ ਆਏ ਅਤੇ ਪਹਿਲਾਂ ਗਾਜ਼ੀ ਮੰਗਣ ਲੱਗੇ। ਇਸ ਤੋਂ ਬਾਅਦ ਉਨ੍ਹਾਂ ਨੇ ਬੀੜੀ ਸਮੇਤ ਹੋਰ ਸਾਮਾਨ ਮੰਗਿਆ। ਕੁਝ ਸਮੇਂ ਬਾਅਦ ਨੌਜਵਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਹੈ ਅਤੇ ਉਹ ਕਿਸੇ ਅਜਿਹੇ ਵਿਅਕਤੀ ਦਾ ਪਤਾ ਜਾਣਨਾ ਚਾਹੁੰਦੇ ਹਨ, ਜੋ ਵਿਆਜ ’ਤੇ ਪੈਸੇ ਦਿੰਦਾ ਹੋਵੇ। ਜਦੋਂ ਔਰਤਾਂ ਨੇ ਇਸ ਸਬੰਧੀ ਅਣਜਾਣਤਾ ਪ੍ਰਗਟਾਈ ਤਾਂ ਦੁਕਾਨ ’ਤੇ ਬੈਠੀ ਲੜਕੀ ਨੇ ਦੱਸਿਆ ਕਿ ਇਸ ਬਾਰੇ ਉਸ ਦੇ ਪਿਤਾ ਨੂੰ ਜਾਣਕਾਰੀ ਹੋ ਸਕਦੀ ਹੈ, ਜੋ ਬਾਹਰ ਖੜ੍ਹੇ ਹਨ। ਔਰਤਾਂ ਮੁਤਾਬਕ ਕਰੀਬ 5 ਤੋਂ 7 ਮਿੰਟ ਤੱਕ ਜਦੋਂ ਕੋਈ ਵਿਅਕਤੀ ਦੁਕਾਨ ਦੇ ਅੰਦਰ ਨਹੀਂ ਆਇਆ ਤਾਂ ਦੋਵਾਂ ਨੌਜਵਾਨਾਂ ਨੇ ਅਚਾਨਕ ਆਪਣੀਆਂ-ਆਪਣੀਆਂ ਪਿਸਤੌਲਾਂ ਕੱਢ ਲਈਆਂ। ਇਕ ਲੁਟੇਰੇ ਨੇ ਪਿਸਤੌਲ ਨਾਲ ਗੋਲੀ ਚੱਲਣ ਵਰਗੀ ਆਵਾਜ਼ ਕੱਢ ਦਿੱਤੀ। ਇਸੇ ਦੌਰਾਨ ਦੂਜਾ ਲੁਟੇਰਾ ਕਾਊਂਟਰ ਦੇ ਦੂਜੇ ਪਾਸੇ ਪਹੁੰਚ ਗਿਆ ਤੇ ਗੱਲੇ ਵਿਚ ਪਈ ਨਕਦੀ ਕੱਢ ਲਈ। ਇਸ ਤੋਂ ਬਾਅਦ ਦੋਵੇਂ ਲੁਟੇਰੇ ਬੀੜੀਆਂ ਦਾ ਇੱਕ ਬੰਡਲ ਅਤੇ ਮਾਚਿਸ ਦੀਆਂ ਡੱਬੀਆਂ ਵੀ ਲੈ ਕੇ ਫਰਾਰ ਹੋ ਗਏ। ਉੱਧਰ ਐੱਸ.ਐੱਸ.ਪੀ. ਦਿਹਾਤੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਵਾਰਦਾਤਾਂ ਵਿਚ ਵਰਤੇ ਗਏ ਹਥਿਆਰ ਅਸਲ ਵਿੱਚ ਦੀਵਾਲੀ ਦੌਰਾਨ ਬੱਚਿਆਂ ਵੱਲੋਂ ਪਟਾਕੇ ਚਲਾਉਣ ਲਈ ਵਰਤੇ ਜਾਣ ਵਾਲੇ ਖਿਡੌਣਾ ਪਿਸਤੌਲ ਸਨ। ਪੁਲਿਸ ਮੁਲਜ਼ਮਾਂ ਬਾਰੇ ਸੁਰਾਗ ਜੁਟਾਉਣ ਵਿੱਚ ਲੱਗੀ ਹੋਈ ਹੈ।