ਨਵਾਂਸ਼ਹਿਰ, 2 ਜਨਵਰੀ (ਜਸਬੀਰ ਸਿੰਘ ਨੂਰਪੁਰ)-ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਨਵਾਂਸ਼ਹਿਰ ਦੇ ਵਿਰਾਸਤੀ ਸਥਾਨ ਬਾਰਾਦਰੀ ਬਾਗ਼ ਵਿਖੇ ਅਪਗ੍ਰੇਡ ਕੀਤੇ ਗਏ ਪਾਰਕ ਅਤੇ ਲਾਈਬ੍ਰੇਰੀ ਦਾ ਉਦਘਾਟਨ ਕੀਤਾ | ਉਨ੍ਹਾਂ ਨੇ ਦੱਸਿਆ ਕਿ 10 ਲੱਖ ਰੁਪਏ ਖਰਚ ਕਰਕੇ ਪਾਰਕ ਅਤੇ 5 ਲੱਖ ਰੁਪਏ ਖਰਚ ਕਰਕੇ ਲਾਇਬ੍ਰੇਰੀ ਨੂੰ ਅਪਗ੍ਰੇਡ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੇ ਬਣਨ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ ਅਤੇ ਨੌਜਵਾਨ ਲਾਇਬ੍ਰੇਰੀ 'ਚ ਕੰਪੀਟੇਟਿਵ ਪ੍ਰੀਖਿਆਵਾਂ ਦੀ ਤਿਆਰ ਕਰ ਸਕਣਗੇ | ਉਨ੍ਹਾਂ ਦੱਸਿਆ ਕਿ ਇਹ ਲਾਇਬ੍ਰੇਰੀ ਵਾਈ-ਫਾਈ, ਨਵੇਂ ਫਰਨੀਚਰ ਅਤੇ ਆਧੂਨਿਕ ਸਹੂਲਤਾਂ ਨਾਲ ਲੈਸ ਹੈ | ਉਨ੍ਹਾਂ ਦੱਸਿਆ ਕਿ ਭਵਿਖ ਵਿੱਚ ਇਕ ਜ਼ਿਲ੍ਹਾ ਪੱਧਰੀ ਲਾਈਬ੍ਰੇਰੀ ਵੀ ਬਣਾਉਣ ਦੀ ਯੋਜਨਾ ਹੈ ਜਿਸ ਦੇ ਬਣਨ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਵੇਗਾ | ਇਤਿਹਾਸਕ ਬਾਰਾਦਰੀ ਪਾਰਕ ਬਾਰੇ ਲੋਕ ਸਭਾ ਮੈਂਬਰ ਨੇ ਦੱਸਿਆ ਕਿ ਪਾਰਕ ਵਿਚ ਲੋਕਾਂ ਦੇ ਬੈਠਣ ਲਈ ਬੈਂਚ, ਫੁਹਾਰੇ ਅਤੇ ਸੈਰ ਕਰਨ ਲਈ ਟਰੈਕ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਪਾਰਕ ਦੇ ਅਪਗ੍ਰੇਡ ਹੋਣ ਨਾਲ ਕਰੀਬ 200 ਸਾਲ ਦਾ ਇਤਿਹਾਸ ਸਮੋਈ ਬੈਠੇ ਇਸ ਇਤਿਹਾਸਕ ਬਾਗ਼ ਨੂੰ ਨਵੀਂ ਦਿੱਖ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਸ ਤਰ੍ਹਾਂ ਦੇ ਪਾਰਕ ਬਹੁਤ ਸਹਾਇਕ ਸਿੱਧ ਹੋਣਗੇ | ਉਨ੍ਹਾਂ ਕਿਹਾ ਕਿ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੇ ਗਵਾਹ ਇਸ ਬਾਰਾਦਰੀ ਬਾਗ਼ ਦਾ ਇਕ ਅਮੀਰ ਇਤਿਹਾਸ ਹੈ ਅਤੇ ਇਸ ਨੂੰ ਸ਼ਹਿਰ ਦੀ ਵਿਰਾਸਤ ਵਜੋਂ ਸੰਭਾਲ ਕੇ ਰੱਖਣ ਦਾ ਇੱਕ ਛੋਟਾ ਜਿਹਾ ਯਤਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੀ ਪਹਿਲਕਦਮੀ ਸਦਕਾ ਇਹ ਕੰਮ ਹੋਣ ਜਾ ਰਿਹਾ ਹੈ | ਇਸ ਮੌਕੇ ਐਸ.ਡੀ.ਐਮ. ਅਨਮਜੋਤ ਕੌਰ, ਵਾਈਸ ਚੇਅਰਮੈਨ ਪੰਜਾਬ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਲਲਿਤ ਮੋਹਨ ਪਾਠਕ, ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀਹੋਤਰੀ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ ਆਦਿ ਆਧਿਕਾਰੀ ਹਾਜ਼ਰ ਸਨ | 02 ਨਵਾਂਸ਼ਹਿਰ 38