ਦਸੂਹਾ, 4 ਜਨਵਰੀ (ਕੌਸ਼ਲ)- ਸ਼ਹਿਰ ਦੇ ਲੋੜਵੰਦ ਅਤੇ ਗ਼ਰੀਬ ਵਰਗ ਦੇ ਲੋਕਾਂ ਲਈ ਇੱਕ ਵੱਡੀ ਰਾਹਤ ਦੇ ਤੌਰ 'ਤੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਘਰ ਬਣਾਉਣ ਲਈ ਸੈਕਸ਼ਨ ਪੱਤਰ ਵੰਡੇ ਗਏ | ਇਸ ਮੌਕੇ ਕੁੱਲ 29 ਲੱਖ ਰੁਪਏ ਦੀ ਰਾਸ਼ੀ ਲਾਭਪਾਤਰੀਆਂ ਵਿਚ ਵੰਡ ਕੇ ਲੋਕਾਂ ਦੇ ਆਪਣੇ ਮਕਾਨ ਦੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਇੱਕ ਹੋਰ ਮਜ਼ਬੂਤ ਕਦਮ ਚੁੱਕਿਆ ਗਿਆ | ਇਸ ਸਮਾਰੋਹ ਦੌਰਾਨ ਵਿਧਾਇਕ ਘੁੰਮਣ ਨੇ ਕਿਹਾ ਕਿ ਲੰਬੇ ਸਮੇਂ ਤੋਂ ਜਿਹੜੇ ਲੋਕ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਸਨ, ਅੱਜ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਮਿਲਿਆ ਹੈ | ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਉਦੇਸ਼ ਆਮ ਆਦਮੀ, ਖ਼ਾਸ ਕਰਕੇ ਗ਼ਰੀਬ ਅਤੇ ਲੋੜਵੰਦ ਵਰਗ ਦੀ ਭਲਾਈ ਕਰਨਾ ਹੈ | ਪਾਰਟੀ ਨੇ ਸੱਤਾ ਵਿਚ ਆਉਂਦੇ ਹੀ ਲੋਕ-ਹਿਤੀ ਯੋਜਨਾਵਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਹੈ, ਜਿਸ ਦਾ ਸਿੱਧਾ ਲਾਭ ਅੱਜ ਦਸੂਹਾ ਦੇ ਨਾਗਰਿਕਾਂ ਨੂੰ ਮਿਲ ਰਿਹਾ ਹੈ | ਵਿਧਾਇਕ ਘੁੰਮਣ ਨੇ ਇਹ ਵੀ ਭਰੋਸਾ ਦਿਵਾਇਆ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਲਾਭਪਾਤਰੀਆਂ ਨੂੰ ਵੀ ਇਸ ਯੋਜਨਾ ਅਧੀਨ ਮਦਦ ਦਿੱਤੀ ਜਾਵੇਗੀ | ਉਨ੍ਹਾਂ ਐਲਾਨ ਕੀਤਾ ਕਿ ਜਲਦੀ ਹੀ ਨਗਰ ਕੌਂਸਲ ਦਸੂਹਾ ਵਿਚ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਬਾਕੀ ਰਹਿ ਗਏ ਯੋਗ ਲੋਕਾਂ ਦੀਆਂ ਅਰਜ਼ੀਆਂ ਲੈ ਕੇ ਉਨ੍ਹਾਂ ਨੂੰ ਵੀ ਲਾਭ ਦਿੱਤਾ ਜਾਵੇਗਾ | ਇਸ ਮੌਕੇ ਲਾਭਪਾਤਰੀਆਂ ਨੇ ਸਰਕਾਰ ਅਤੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਘਰ ਬਣਾਉਣ ਲਈ ਮਿਲੀ ਇਹ ਰਾਸ਼ੀ ਉਨ੍ਹਾਂ ਲਈ ਵੱਡਾ ਸਹਾਰਾ ਸਾਬਤ ਹੋਵੇਗੀ | ਲਾਭਪਾਤਰੀਆਂ ਨੇ ਦੱਸਿਆ ਕਿ ਸਾਲਾਂ ਤੋਂ ਉਹ ਕਿਰਾਏ ਦੇ ਮਕਾਨਾਂ ਵਿਚ ਰਹਿ ਰਹੇ ਸਨ ਅਤੇ ਅੱਜ ਪਹਿਲੀ ਵਾਰ ਆਪਣੇ ਘਰ ਦਾ ਸੁਪਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ | ਸਮਾਰੋਹ ਦੌਰਾਨ ਈ. ਓ. ਕਮਲਜਿੰਦਰ ਸਿੰਘ, ਅਮਰਪ੍ਰੀਤ ਸਿੰਘ ਖ਼ਾਲਸਾ, ਸੰਤੋਖ ਤੋਖੀ, ਚੰਦਰ ਸ਼ੇਖਰ ਬੰਟੀ, ਸੁਖਵਿੰਦਰ ਇੰਦੂ, ਗੁਰਮੁਖ ਬਾਜਵਾ, ਸਾਬੀ ਬਾਜਵਾ, ਜੋਗਿੰਦਰਪਾਲ ਨਿੱਕੂ, ਭੋਲੂ ਕੈਂਥਾ, ਠਾਕੁਰ ਬਲਦੇਵ ਸਿੰਘ, ਕਮਲਪ੍ਰੀਤ ਵਿਰਦੀ, ਹਰਵਿੰਦਰ ਸਿੰਘ ਕਾਹਲੋਂ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ | ਸਾਰੇ ਆਗੂਆਂ ਨੇ ਮਿਲ ਕੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਸਰਕਾਰ ਹਰ ਹਾਲਤ ਵਿਚ ਗ਼ਰੀਬਾਂ ਦੇ ਨਾਲ ਖੜੀ ਹੈ | ਅੰਤ ਵਿਚ ਵਿਧਾਇਕ ਘੁੰਮਣ ਨੇ ਕਿਹਾ ਕਿ ਦਸੂਹਾ ਹਲਕੇ ਦੇ ਸਰਬਾਂਗੀਣ ਵਿਕਾਸ ਲਈ ਉਹ ਲਗਾਤਾਰ ਯਤਨਸ਼ੀਲ ਹਨ ਅਤੇ ਭਵਿੱਖ ਵਿਚ ਵੀ ਅਜਿਹੀਆਂ ਲੋਕ-ਹਿਤੀ ਯੋਜਨਾਵਾਂ ਰਾਹੀਂ ਆਮ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਈ ਜਾਵੇਗੀ |