ਦਸੂਹਾ, 4 ਜਨਵਰੀ (ਭੁੱਲਰ)-ਨਵੇਂ ਸਾਲ ਦੇ ਸ਼ੁੱਭ ਮੌਕੇ 'ਤੇ ਸਿਹਤ ਵਿਭਾਗ, ਸਰਕਾਰੀ ਹਸਪਤਾਲ ਮੰਡ ਵੱਲੋਂ ਹਸਪਤਾਲ ਵਿਖੇ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿਚ ਸ਼ਰਧਾ ਅਤੇ ਸਤਿਕਾਰ ਨਾਲ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਕੀਤੇ ਗਏ | ਇਸ ਧਾਰਮਿਕ ਸਮਾਗਮ ਵਿਚ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਗੁਰੂ ਚਰਨਾਂ ਵਿਚ ਮੱਥਾ ਟੇਕਿਆ ਅਤੇ ਸੰਗਤ ਦੇ ਨਾਲ ਨਵੇਂ ਸਾਲ ਦੀ ਅਰਦਾਸ ਕੀਤੀ | ਇਸ ਮੌਕੇ ਵਿਧਾਇਕ ਘੁੰਮਣ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਨਵੇਂ ਸਾਲ ਦੀ ਸ਼ੁਰੂਆਤ ਕਰਨਾ ਬਹੁਤ ਸੁਭਾਗ ਦੀ ਗੱਲ ਹੈ | ਅਜਿਹੇ ਸਮਾਗਮ ਸਮਾਜ ਵਿਚ ਭਾਈਚਾਰਾ, ਆਪਸੀ ਸਦਭਾਵਨਾ ਅਤੇ ਸਕਾਰਾਤਮਿਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਕਦਰਾਂ-ਕੀਮਤਾਂ ਨਾਲ ਜੋੜਨ ਲਈ ਨਿਰੰਤਰ ਯਤਨਸ਼ੀਲ ਹੈ | ਵਿਧਾਇਕ ਨੇ ਕਿਹਾ ਕਿ ਇਹ ਹਸਪਤਾਲ ਲਗਾਤਾਰ ਲੋਕਾਂ ਨੂੰ ਸੇਵਾਵਾਂ ਦੇ ਰਿਹਾ ਹੈ ਅਤੇ ਪੰਜਾਬ ਸਰਕਾਰ ਵਲੋਂ ਲਗਾਤਾਰ ਇਸ ਦੇ ਹਾਲਾਤ ਸੁਧਾਰੇ ਜਾ ਰਹੇ ਹਨ ਅਤੇ ਲੋਕਾਂ ਨੂੰ ਹਰੇਕ ਸਹੂਲਤ ਇਸ ਹਸਪਤਾਲ ਚੋ ਮਿਲ ਰਹੀ ਹੈ | ਇਸ ਮੌਕੇ ਐਸ.ਐਮ.ਓ ਰੋਹਿਤ ਬਰੂਟਾ ਨੇ ਸਾਰੀਆਂ ਦਾ ਧੰਨਵਾਦ ਕੀਤਾ ਇਸ ਸਮੇਂ ਡਾਕਟਰ ਸੰਦੀਪ , ਡਾਕਟਰ ਨਈਅਰ ਸਮੇਤ ਸਮੂਹ ਸਟਾਫ਼ ਅਤੇ ਹੈਲਥ ਵਰਕਰ ਆਸ਼ਾ ਵਰਕਰ ਹਾਜ਼ਰ ਸਨ |