ਸੜੋਆ, 22 ਫਰਵਰੀ (ਹਰਮੇਲ ਸਹੂੰਗੜਾ)-ਬੀਤੀ ਲੰਘੀ ਰਾਤ ਕਸਬਾ ਸੜੋਆ ਵਿਖੇ ਚੋਰਾਂ ਵੱਲੋਂ ਚਾਰ ਥਾਵਾਂ 'ਤੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਰਾਮਪਾਲ ਸੰਨਣ ਪੁੱਤਰ ਧਰਮਪਾਲ ਸੰਨਣ ਦੇ ਪਰਿਵਾਰ ਨੇ ਦੱਸਿਆ ਕਿ ਕਰੀਬ ਢਾਈ ਅਤੇ ਤਿੰਨ ਵਜੇ ਦੇ ਵਿਚਕਾਰ ਚੋਰ ਘਰ ਵਿੱਚ ਦਾਖਲ ਹੋਏ | ਜਿਨ੍ਹਾਂ ਨੇ ਕੱਪੜਿਆਂ ਵਾਲੀਆਂ ਅਲਮਾਰੀਆਂ ਦੇ ਲੌਕ ਤੋੜ ਕੇ ਅਤੇ ਨਾਲ ਦੇ ਕਮਰੇ ਵਿੱਚ ਕਿ੍ਸ਼ਨ ਸੁਦਾਮਾ ਜੀ ਦੀ ਮੂਰਤੀ ਦੇ ਕੋਲੋਂ ਕੈਸ਼, ਕੀਮਤੀ ਗਹਿਣੇ ਅਤੇ ਹੋਰ ਸਮਾਨ ਚੋਰੀ ਕਰ ਲਿਆ | ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਪਰਸ ਜਿਸ ਵਿੱਚ ਕਾਫੀ ਸਾਰੇ ਪੈਸੇ ਜਠੇਰਿਆਂ ਦੇ ਰੱਖੇ ਹੋਏ ਸਨ ਚੋਰ ਉਹ ਵੀ ਚੁਰਾ ਕੇ ਲੈ ਗਏ | ਇਸੇ ਤਰ੍ਹਾਂ ਪੁਰਾਣੀ ਬੈਂਕ ਦੇ ਕੋਲ ਸਦੀਆਂ ਪੁਰਾਣਾ ਮਾਤਾ ਦਾ ਮੰਦਰ ਜਿਸ ਵਿੱਚ ਗੋਲਕ ਦੀ ਭੰਨਤੋੜ ਕਰਕੇ ਪੈਸੇ ਕੱਢ ਲਏ ਹਨ | ਇਸੇ ਤਰ੍ਹਾਂ ਸੰਨਣ ਜਠੇਰਿਆਂ 'ਚੋਂ ਚੋਰਾਂ ਵੱਲੋਂ ਗੋਲਕ ਦੀ ਭੰਨ ਤੋੜ ਕੀਤੀ ਗਈ | ਕੈਮਰੇ ਵੀ ਭੰਨ ਕੇ ਪੌੜੀ ਉੱਪਰ ਰੱਖ ਦਿੱਤੇ | ਇਸੇ ਤਰ੍ਹਾਂ ਇੱਕ ਹੋਰ ਸ਼ਹੀਦਾਂ ਦੀ ਜਗ੍ਹਾ 'ਤੇ ਗੋਲਕ ਦੀ ਭੰਨ ਤੋੜ ਕਰਕੇ ਪੈਸੇ ਕੱਢ ਲਏ ਗਏ | ਇੱਕੋ ਰਾਤ ਚਾਰ ਚੋਰੀਆਂ ਹੋਣ ਨਾਲ ਇਲਾਕੇ ਵਿੱਚ ਕਾਫੀ ਚਰਚਾ ਹੋ ਰਹੀ ਹੈ | ਪੁਲਿਸ ਪ੍ਰਸ਼ਾਸਨ ਚੋਰੀ ਕਰਨ ਵਾਲਿਆਂ ਨੂੰ ਫੜਨ ਵਿੱਚ ਨਾਕਾਮ ਰਿਹਾ ਹੈ | ਕੁਝ ਲੋਕਾਂ ਨੇ ਦੱਸਿਆ ਕਿ ਸੜੋਆ ਵਿੱਚ ਕਾਫੀ ਟਾਈਮ ਪਹਿਲਾਂ ਚੋਰਾਂ ਵੱਲੋਂ ਬਿਜਲੀ ਦਾ ਬਹੁਤ ਸਾਰਾ ਸਮਾਨ ਚੋਰੀ ਕਰ ਲਿਆ ਸੀ ਜਿਸ ਦਾ ਅੱਜ ਤੱਕ ਪੁਲਿਸ ਦੇ ਹੱਥ ਕੋਈ ਵੀ ਸੁਰਾਗ ਨਹੀਂ ਲੱਗਾ | ਸੜੋਆ ਦੀਆਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲਿਸ ਚੌਂਕੀ ਵਿੱਚ ਨਫ਼ਰੀ ਨੂੰ ਵਧਾਇਆ ਜਾਵੇ ਤਾਂ ਜੋ ਹੋ ਰਹੀਆਂ ਵਾਰਦਾਤਾਂ ਨੂੰ ਠੱਲ ਪਾਈ ਜਾ ਸਕੇ | ਮੌਕੇ 'ਤੇ ਪਹੁੰਚੇ ਪੁਲਿਸ ਚੌਂਕੀ ਸੜੋਆ ਦੇ ਇੰਚਾਰਜ ਗਗਨਦੀਪ ਸਿੰਘ ਤੇ ਹੌਲਦਾਰ ਜਸਵਿੰਦਰ ਸਿੰਘ ਵਲੋਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਬਰੀਕੀ ਨਾਲ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿ੍ਹਆ ਜਾ ਸਕੇ |
ਸੜੋਆ ਵਿਖੇ ਇਕੋ ਰਾਤ ਚਾਰ ਚੋਰੀਆਂ
ਅਜੀਤ ਡੈਸਕ
23-02-2026