ਪੰਜਾਬੀ ਸਾਹਿਤ ਮੰਚ ਬਲਾਚੌਰ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ
ਅਜੀਤ ਡੈਸਕ
23-02-2026
ਬਲਾਚੌਰ, 22 ਫਰਵਰੀ (ਦੀਦਾਰ ਸਿੰਘ ਬਲਾਚੌਰੀਆ) - ਪੰਜਾਬੀ ਸਾਹਿਤ ਮੰਚ ਬਲਾਚੌਰ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਬੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਚੰਦਰੇਸ਼ ਸ਼ੋਰੀ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਪ੍ਰਧਾਨ ਤੇ ਨਾਮਵਰ ਕਹਾਣੀਕਾਰ ਸੁਰਿੰਦਰ ਸਿੰਘ ਰਾਏ, ਮਾਸਟਰ ਹਰੀ ਸਿੰਘ ਅਤੇ ਮਾਸਟਰ ਹਰਜਿੰਦਰ ਸਿੰਘ ਉੱਲਦਣੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਕਹਾਣੀਕਾਰ ਸੁਰਿੰਦਰ ਸਿੰਘ ਰਾਏ ਵੱਲੋਂ ਸੋਧੇ ਗਏ ਕਹਾਣੀ ਸੰਗ੍ਰਹਿ 'ਮਿੱਸ ਕਾਲ, ਕੰਨਟਰੈਕਟ ਮੈਰਿਜ, ਕਵੀ, ਬਿ੍ਖ ਤੇ ਆਜੜੀ' ਜਿੱਥੇ ਜਾਰੀ ਕੀਤੇ ਉਥੇ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਦੇ ਸੈੱਟ ਲਾਇਬ੍ਰੇਰੀ ਲਈ ਭੇਟ ਕੀਤੇ ਗਏ | ਇਸ ਮੌਕੇ ਕਹਾਣੀਕਾਰ ਸੁਰਿੰਦਰ ਸਿੰਘ ਰਾਏ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਦੀ ਮਹੱਤਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਮਨੁੱਖੀ ਸਮਾਜ ਵਿੱਚ ਭਾਸ਼ਾ ਦੁਆਰਾ ਆਪਸੀ ਵਿਚਾਰਾਂ ਅਤੇ ਭਾਵਨਾਵਾਂ ਦਾ ਸੰਚਾਰ ਕੀਤਾ ਜਾਂਦਾ ਅਤੇ ਭਾਸ਼ਾ ਜਰੀਏ ਹੀ ਕਿਸੇ ਕੌਮ ਦੀ ਸੱਭਿਆਚਾਰਕ, ਸਮਾਜਿਕ, ਰਾਜਨੀਤਿਕ, ਆਰਥਿਕ, ਧਾਰਮਿਕ, ਸਾਹਿਤਕ ਅਤੇ ਵਿੱਦਿਅਕ ਸਥਿਤੀ ਉਭਰ ਕੇ ਸਾਹਮਣੇ ਆਉਂਦੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਮਾਤ ਭਾਸ਼ਾ 'ਤੇ ਮਾਣ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਾਡੀ ਮਾਤ ਭਾਸ਼ਾ ਪੰਜਾਬੀ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਮਾਤ ਭਾਸ਼ਾ ਨੂੰ ਵਿਸਾਰ ਰਹੇ ਹਾਂ | ਉਨ੍ਹਾਂ ਕਿਹਾ ਕਿ 35 ਅੱਖਰੀ ਨੂੰ ਸਨਮਾਨ ਮਿਲਣਾ ਚਾਹੀਦਾ ਹੈ | ਇਸ ਮੌਕੇ ਮਾਸਟਰ ਹਰੀ ਸਿੰਘ ਰੱਕੜ, ਮਾਸਟਰ ਹਰਜਿੰਦਰ ਸਿੰਘ ਸੈਣੀ ਉੱਲਦਣੀ ਨੇ ਮਾਂ ਬੋਲੀ ਦਿਵਸ 'ਤੇ ਹਾਜਰੀਨ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਣ ਅਤੇ ਘਰਾਂ ਵਿੱਚ ਆਪਸ ਵਿੱਚ ਪੰਜਾਬੀ ਬੋਲੀ ਵਿੱਚ ਗੱਲਬਾਤ ਕਰਨ | ਇਸ ਮੌਕੇ ਪਿ੍ੰਸੀਪਲ ਚੰਦਰੇਸ਼ ਸ਼ੋਰੀ ਨੇ ਮਾਂ ਬੋਲੀ ਪੰਜਾਬੀ ਨੂੰ ਮਾਣ ਸਤਿਕਾਰ ਦੇਣ ਦਾ ਸੁਨੇਹਾ ਦਿੱਤਾ | ਇਸ ਮੌਕੇ ਉਭਰ ਰਹੀ ਲੇਖਕਾ ਅਧਿਆਪਕਾ ਅਨਮੋਲ ਨੇ 'ਧੀਆਂ' ਤੇ 'ਮਾਂ ਬੋਲੀ ਪੰਜਾਬੀ' ਸੰਬਧੀ ਕਵਿਤਾ ਸੁਣਾਈ | ਇਸ ਮੌਕੇ ਅਧਿਆਪਕਾ ਸੁਰੇਖਾ, ਪੁਸ਼ਪਾ ਵਿਆਸ, ਮੱਧੂ ਬਾਲਾ, ਪਿੰਕੀ, ਗੁਰਮੀਤ ਸਿੰਘ ਸੈਣੀ, ਜਸਬੀਰ ਸਿੰਘ, ਲਲਿਤ ਰਾਣਾ, ਉਪੀ ਸ਼ਰਮਾਂ ਆਦਿ ਹਾਜਿਰ ਸਨ |