ਪੋਜੇਵਾਲ ਸਰਾਂ, 22 ਫਰਵਰੀ (ਨਵਾਂਗਰਾਈਾ) - ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਬੰਧ ਹੇਠ ਚੱਲ ਰਹੇ ਇਤਿਹਾਸਕ ਗੁਰਦੁਆਰਾ ਸਾਹਿਬ ਕਰੀਮਪੁਰ ਚਾਹਵਾਲਾ ਵਿਖੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਹੋਲੇ ਮਹੱਲੇ 'ਤੇ ਜਾਣ ਵਾਲੀ ਸੰਗਤ ਲਈ 25 ਫਰਵਰੀ ਤੋਂ ਲੰਗਰ ਦੀ ਸੇਵਾ ਸ਼ੁਰੂ ਹੋ ਰਹੀ ਹੈ | ਇਹ ਵੀ ਦੱਸਣਯੋਗ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀ ਸੰਗਤ ਵਲੋਂ ਇਸ ਗੁਰਦੁਆਰਾ ਸਾਹਿਬ ਵਿਖੇ ਲੰਗਰ ਲਗਾਇਆ ਜਾਂਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਹਰਜਾਪ ਸਿੰਘ ਨੇ ਦੱਸਿਆ ਕਿ ਇਸ ਵਾਰ ਇਸ ਅਸਥਾਨ 'ਤੇ ਮਿਤੀ 25 ਫਰਵਰੀ ਤੋਂ 5 ਮਾਰਚ ਤੱਕ ਵੱਖ-ਵੱਖ ਪਿੰਡਾਂ ਦੀਆਂ ਸੰਗਤ ਵਲੋਂ ਲੰਗਰ ਦੀ ਸੇਵਾ ਕੀਤੀ ਜਾਵੇਗੀ | ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਸਮੇਂ ਦੌਰਾਨ ਸਿਰਫ ਤੇ ਸਿਰਫ ਇੱਥੇ ਹੀ ਹੋਲੇ ਮਹੱਲੇ ਜਾਣ ਵਾਲੀ ਸੰਗਤ ਲਈ ਲੰਗਰ ਲੱਗਦਾ ਸੀ ਹੁਣ ਤਾਂ ਥਾਂ-ਥਾਂ 'ਤੇ ਲੰਗਰ ਦੀ ਸੇਵਾ ਹੁੰਦੀ ਹੈ | ਉਹਨਾਂ ਦੱਸਿਆ ਕਿ ਇੱਥੇ ਹਰ ਰੋਜ਼ ਇੱਕ ਪਿੰਡ ਦੀ ਵਾਰੀ ਲਗਾਈ ਜਾਂਦੀ ਹੈ ਤੇ ਇਸ ਵਾਰ ਪਿੰਡ ਕਰੀਮਪੁਰ ਚਾਹਵਾਲਾ, ਬਕਾਪੁਰ, ਰੌੜੀ, ਪੈਲੀ, ਬੇਗਮਪੁਰ, ਹਿਆਤਪੁਰ ਜੱਟਾਂ, ਦਿਆਲਾਂ, ਭਾਰਾਪੁਰ, ਧਰਮਪੁਰ, ਨਵਾਂਗਰਾਂ ਅਤੇ ਕਟਵਾਰਾਂ ਕਲਾਂ ਦੀ ਸੰਗਤ ਵਲੋਂ ਲੰਗਰ ਦੀ ਸੇਵਾ ਕੀਤੀ ਜਾਵੇਗੀ |