ਮੁਕੰਦਪੁਰ, 24 ਫਰਵਰੀ (ਅਮਰੀਕ ਸਿੰਘ ਢੀਂਡਸਾ)-ਬੰਗਾ ਹਲਕਾ ਦੇ ਮੁਕੰਦਪੁਰ ਤੋਂ ਚੱਕਦਾਨਾ ਨੂੰ ਜਾਣ ਵਾਲੀ ਸੜਕ 'ਤੇ ਬੀਤੇ ਰਾਤ ਕਰੀਬ 9 ਵਜੇ ਪਿੰਡ ਰਟੈਂਡਾ ਦੇ 17 ਸਾਲਾ ਨੌਜਵਾਨ ਦੀ ਗੰਨਿਆਂ ਦੀ ਟਰਾਲੀ ਹੇਠ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ | ਪੁਲਿਸ ਥਾਣਾ ਮੁਕੰਦਪੁਰ ਦੇ ਐਸ.ਐਚ.ਓ ਮਹਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਾਲ ਆਈ ਕਿ ਮੁਕੰਦਪੁਰ ਚੱਕਦਾਨਾ ਸੜਕ 'ਤੇ ਐਕਸੀਡੈਂਟ ਹੋ ਗਿਆ ਹੈ, ਤਾਂ ਅਸੀਂ ਮੌਕੇ 'ਤੇ ਪੁੱਜੇ ਤਾਂ ਦੇਖਿਆ ਕਿ ਖੁਸ਼ਵੀਰ ਉਰਫ਼ ਖੁਸ਼ੀ 17 ਸਾਲ ਵਾਸੀ ਰਟੈਂਡਾ ਦੀ ਗੰਨਿਆਂ ਨਾਲ ਲੱਦੀ ਟਰਾਲੀ ਹੇਠ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ ਤੇ ਉਸ ਦੇ ਦੋਸਤ ਕਰਨਵੀਰ ਤੇ ਰਨਜੋਤ ਸਿੰਘ ਦੇ ਵੀ ਗੰਭੀਰ ਸੱਟਾਂ ਲੱਗੀਆਂ ਸਨ ਤੇ ਇੱਕ ਦੋਸਤ ਇਨ੍ਹਾਂ ਦਾ ਬਿਲਕੁਲ ਠੀਕ ਹੈ | ਉਨ੍ਹਾਂ ਦੱਸਿਆ ਕਿ ਇਹ ਚਾਰੇ ਨੌਜਵਾਨ ਮੁਕੰਦਪੁਰ ਤੋਂ ਖਾਣ ਪੀਣ ਲਈ ਇੱਕੋ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਪਿੰਡ ਰਟੈਂਡਾ ਤੋਂ ਮੁਕੰਦਪੁਰ ਜਾ ਰਹੇ ਸੀ ਤਾਂ ਰਸਤੇ 'ਚ ਮੁਕੰਦਪੁਰ ਸਾਈਡ ਤੋਂ ਆ ਰਹੇ ਇੱਕ ਮੋਟਰਸਾਈਕਲ ਨਾਲ ਇਨ੍ਹਾਂ ਦੀ ਟੱਕਰ ਹੋਣ ਕਾਰਨ ਇਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਰਕੇ ਬਰਾਬਰ ਜਾ ਰਹੀ ਗੰਨਿਆਂ ਨਾਲ ਭਰੀ ਟਰੈਕਟਰ ਟਰਾਲੀ ਹੇਠ ਖੁਸ਼ਵੀਰ ਉਰਫ਼ ਖੁਸ਼ੀ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ ਤੇ ਉਸ ਦੇ ਦੋਸਤ ਕਰਨਵੀਰ ਤੇ ਰਨਜੋਤ ਵੀ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕੀਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |