ਬਲਾਚੌਰ, 2 ਮਾਰਚ (ਨਰੇਸ਼ ਧੌਲ)-ਭੂਰੀ ਵਾਲੇ ਭੇਖ ਗਰੀਬ ਦਾਸੀ ਸੰਪਰਦਾਇ ਦੇ ਸਤਿਗੁਰ ਗੰਗਾ ਨੰਦ ਦੇ ਮੌਜੂਦਾ ਗੱਦੀ ਨਸ਼ੀਨ ਅਚਾਰਿਆ ਨਮਰਤਾ ਨੰਦ ਦੇ ਜਨਮ ਦਿਨ ਨੂੰ ਸਮਰਪਿਤ ਸੰਤ ਸਮਾਗਮ ਕੁਟੀਆ ਸਾਹਿਬ ਭਾਣੇਵਾਲੇ ਨਜ਼ਦੀਕ ਬਲਾਚੌਰ ਵਿਖੇ ਸਮੂਹ ਪਿੰਡ ਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ 3 ਮਾਰਚ ਤੋਂ 5 ਮਾਰਚ ਤੱਕ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਭਗਤ ਸ਼ਿੰਦਰ ਅਤੇ ਮਾਸਟਰ ਰਾਮ ਪਾਲ ਖੇਪੜ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਪੂਰੀ ਤਰਾਂ ਮੁਕੰਮਲ ਹੋ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ 3 ਮਾਰਚ ਸਵੇਰੇ 10 ਵਜੇ ਜਗਤ ਗੁਰੂ ਅਚਾਰਿਆ ਗਰੀਬ ਦਾਸ ਰਚਿਤ ਅੰਮਿ੍ਤਮਈ ਬਾਣੀ ਦੇ ਸ੍ਰੀ ਅਖੰਡ ਪਾਠ ਦੇ ਪ੍ਰਕਾਸ਼ ਕੀਤੇ ਜਾਣਗੇ ਅਤੇ ਸੰਪੂਰਨ ਭੋਗ ਅਚਾਰਿਆ ਨਮਰਤਾ ਨੰਦ ਦੀ ਸਰਪ੍ਰਸਤੀ ਹੇਠ 5 ਮਾਰਚ ਸਵੇਰੇ 11 ਵਜੇ ਪਾਏ ਜਾਣਗੇ | ਉਪਰੰਤ ਵੱਖ-ਵੱਖ ਸੰਤ ਮਹਾਂਪੁਰਸ਼ ਸੰਗਤਾਂ ਨੂੰ ਪ੍ਰਵਚਨਾਂ ਨਾਲ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਸੰਧਿਆ ਆਰਤੀ ਅਤੇ ਸਤਿਸੰਗ ਰੋਜਾਨਾ ਰਾਤ 8 ਤੋਂ 10 ਵਜੇ ਤੱਕ ਹੋਇਆ ਕਰੇਗਾ | ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਦੌਰਾਨ ਵੱਧ ਤੋਂ ਵੱਧ ਹਾਜ਼ਰੀਆਂ ਲਵਾਉਣ |