ਨਵਾਂਸ਼ਹਿਰ, 3 ਮਾਰਚ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ)-ਨਗਰ ਕੌਂਸਲ ਨਵਾਂਸ਼ਹਿਰ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਵੱਖ-ਵੱਖ ਮਤਿਆਂ ਨੂੰ ਪਾਸ ਕੀਤਾ ਗਿਆ | ਮੀਟਿੰਗ ਦੌਰਾਨ ਕੌਂਸਲਰ ਚੇਤ ਰਾਮ ਰਤਨ ਨੇ ਆਖਿਆ ਕਿ ਜੋ ਮੌਜੂਦਾ ਸਰਕਾਰ ਵੱਲੋਂ 10 ਲੱਖ ਦੇ ਸਿਹਤ ਬੀਮਾ ਕਾਰਡ ਬਣਾਏ ਜਾ ਰਹੇ ਹਨ | ਉਸ ਪ੍ਰਤੀ ਬਾਕੀ ਕੌਂਸਲਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ | ਮੌਜੂਦਾ ਪਾਰਟੀ ਦੇ ਕੌਂਸਲਰਾਂ ਨੂੰ ਚਿੱਟਾਂ ਦਿੱਤੀਆਂ ਗਈਆਂ ਹਨ, ਜਦਕਿ ਦੂਸਰੇ ਕੌਸਲਰਾਂ ਨੂੰ ਇਸ ਬਾਰੇ ਜਾਣਕਾਰੀ ਵੀ ਨਹੀਂ ਹੈ | ਉਨ੍ਹਾਂ ਆਖਿਆ ਕਿ ਹੈਲਥ ਕਾਰਡ ਸਾਰਿਆਂ ਦੇ ਸਾਂਝੇ ਬਣਦੇ ਚਾਹੀਦੇ ਹਨ | ਕਾੌਸਲਰ ਪਰਮ ਸਿੰਘ ਖਾਲਸਾ ਨੇ ਆਖਿਆ ਕਿ ਮਾਡਲ ਟਾਊਨ ਦੀ ਸੜਕ ਨੂੰ ਜਲਦੀ ਬਣਾਇਆ ਜਾਵੇ | ਉਨ੍ਹਾਂ ਆਖਿਆ ਕਿ ਨਗਰ ਕੌਂਸਲ ਦਾ ਤਰਕ ਹੈ ਕਿ ਇਹ ਕਲੋਨੀ ਅਣਅਧਿਕਾਰਤ ਹੈ | ਉਨ੍ਹਾਂ ਆਖਿਆ ਕਿ ਜਦੋਂ ਫੰਡ ਲਏ ਜਾਂਦੇ ਹਨ ਉਸ ਵੇਲੇ ਕਲੋਨੀਆਂ ਅਧਿਕਾਰਤ ਕਿਵੇਂ ਬਣ ਜਾਂਦੀਆਂ ਹਨ | ਇਸੇ ਤਰਾਂ ਉਹਨਾਂ ਮੰਗ ਕੀਤੀ ਕਿ ਸਲੋਹ ਰੋਡ ਦੀ ਸੜਕ ਟੈਂਡਰ ਪਾਸ ਹੋਣ ਦੇ ਬਾਵਜੂਦ ਵੀ ਨਹੀਂ ਬਣ ਰਹੀ | ਇਸ ਨੂੰ ਜਲਦੀ ਬਣਾਇਆ ਜਾਵੇ | ਵੱਖ-ਵੱਖ ਮਤਿਆਂ 'ਤੇ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਾਸ ਕੀਤਾ ਗਿਆ ਅਤੇ ਕਈ ਵਾਰਡਾਂ ਦੇ ਰਹਿੰਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਮਤੇ ਪਾਸ ਕੀਤੇ ਗਏ | ਮੀਟਿੰਗ 'ਚ ਵਿਧਾਇਕ ਡਾਕਟਰ ਨਛੱਤਰ ਪਾਲ ਨਵਾਂਸ਼ਹਿਰ, ਲਲਿਤ ਮੋਹਣ ਪਠਕ ਹਲਕਾ ਇੰਚਾਰਜ ਨਵਾਂਸ਼ਹਿਰ ਨੇ ਵੀ ਵਿਚਾਰ ਰੱਖੇ | ਉਨ੍ਹਾਂ ਆਖਿਆ ਕਿ ਸ਼ਹਿਰ ਦੇ ਅਧੂਰੇ ਕੰਮਾਂ ਨੂੰ ਜਲਦੀ ਨੇਪਰੇ ਚਾੜਿ੍ਹਆ ਜਾਵੇਗਾ | ਉਨ੍ਹਾਂ ਆਖਿਆ ਕਿ ਰੇਲਵੇ ਰੋਡ ਦੀ ਸੜਕ ਜਲਦੀ ਹੀ ਮੁਕੰਮਲ ਕੀਤੀ ਜਾ ਰਹੀ ਹੈ | ਇਸ ਮੌਕੇ ਬੀਬੀ ਜਿੰਦਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਗੁਰਮੁਖ ਸਿੰਘ ਨੌਰਦ ਮੀਤ ਪ੍ਰਧਾਨ, ਪਰਮ ਸਿੰਘ ਖਾਲਸਾ, ਚੇਤ ਰਾਮ ਰਤਨ, ਮੱਖਣ ਸਿੰਘ ਗਰੇਵਾਲ, ਕੁਲਵੰਤ ਕੌਰ, ਨਿਸ਼ੂ ਚੋਪੜਾ, ਸੀਸ ਕੌਰ ਬੀਕਾ ਤੇ ਬਲਵਿੰਦਰ ਭੁੰਬਲਾ ਆਦਿ ਹਾਜ਼ਰ ਸਨ |