ਮਾਛੀਵਾੜਾ ਸਾਹਿਬ, 3 ਮਾਰਚ (ਮਨੋਜ ਕੁਮਾਰ) ਸਥਾਨਕ ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਨੰਦਿਨੀ ਵੈਦ ਦੀ ਯੋਗ ਅਗਵਾਈ ਹੇਠ ਅਤੇ ਵਾਈਸ ਪਿ੍ੰਸੀਪਲ ਸਹਾਇਕ ਪ੍ਰੋਫ਼ੈਸਰ ਪਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ | ਇਹ ਉੱਦਮ ਆਈ. ਆਈ. ਸੀ ਸੈੱਲ ਦੇ ਸਹਿਯੋਗ ਨਾਲ ਵਿਗਿਆਨ ਵਿਭਾਗ ਵੱਲੋਂ ਕੀਤਾ ਗਿਆ | ਵਿਗਿਆਨ ਵਿਭਾਗ ਵੱਲੋਂ ਵੱਖ-ਵੱਖ ਮਾਡਲਾਂ ਦੀ ਪ੍ਰਦਰਸ਼ਨੀ ਰਾਹੀਂ ਵਿਗਿਆਨ ਦੀ ਮਹੱਤਤਾ ਨੂੰ ਦਰਸਾਇਆ ਗਿਆ | ਪਿ੍ੰਸੀਪਲ ਨੰਦਨੀ ਵੈਦ ਨੇ ਰੀਬਨ ਕੱਟ ਕਿ ਇਸ ਪ੍ਰਦਰਸ਼ਨੀ ਦੀ ਰਸਮੀ ਸ਼ੁਰੂਆਤ ਕੀਤੀ | ਪਿ੍ੰਸੀਪਲ ਨੇ ਸਾਰੇ ਮਾਡਲਾਂ ਨੂੰ ਦੇਖਿਆ ਅਤੇ ਬੱਚਿਆਂ ਨੂੰ ਭਵਿੱਖ ਵਿੱਚ ਅੱਗੇ ਵਧਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਬੀ. ਐੱਸ. ਸੀ. ਭਾਗ ਤੀਜਾ ਵੱਲੋਂ ਬਣਾਇਆ ਚੰਦਰਯਾਨ ਦਾ ਮਾਡਲ ਮਨੁੱਖ ਦੇ ਚੰਨ ਉੱਪਰ ਪਹੁੰਚਣ ਅਤੇ ਖੋਜ ਕਰਨ ਦੀ ਰੁਚੀ ਨੂੰ ਦਰਸਾਉਂਦਾ ਸੀ, ਮਨੁੱਖੀ ਡੀ. ਐਨ. ਏ ਦਾ ਮਾਡਲ, ਬਿਜਲੀ ਦੇ ਓਪਨ ਸਰਕਿਟ ਨੂੰ ਦਰਸਾਉਂਦਾ ਮਾਡਲ, ਜਵਾਲਾਮੁਖੀ ਫੁੱਟਣ ਦਾ ਮਾਡਲ, ਹੋਲੋਗਰਾਮ ਦਾ ਮਾਡਲ ਜੋ ਕਿ ਥਰੀ ਡੀ ਫ਼ਿਲਮਾਂ ਦੀ ਮਹੱਤਤਾ ਨੂੰ ਦਰਸਾਉਂਦਾ ਸੀ, ਇੱਕ ਅਦਭੁਤ ਮਾਡਲ ਜੋ ਪ੍ਰਕਾਸ਼ ਦੇ ਕਣ ਅਤੇ ਵੇਵ ਦੇ ਸੁਭਾਅ ਨੂੰ ਦਰਸਾਉਂਦਾ ਸੀ, ਇਹਨਾਂ ਤੋਂ ਬਿਨਾਂ ਹੋਰ ਬਹੁਤ ਸਾਰੇ ਮਾਡਲ ਜੋ ਵਿਗਿਆਨ ਦੀ ਮਹੱਤਤਾ ਦੱਸਦੇ ਸਨ, ਵਿਦਿਆਰਥੀਆਂ ਦੁਆਰਾ ਬਣਾਏ ਗਏ | ਜਵਾਲਾਮੁਖੀ ਫੁੱਟਣ ਦਾ ਮਾਡਲ ਬਣਾਉਣ ਵਾਲੀ ਟੀਮ ਨੇ ਇਸ ਵਿਗਿਆਨ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਥਰੀ ਡੀ ਤਸਵੀਰਾਂ ਦੇ ਮਾਡਲ ਵਾਲੀ ਟੀਮ ਦੂਜੇ ਸਥਾਨ 'ਤੇ ਰਹੀ ਅਤੇ ਪ੍ਰਕਾਸ਼ ਕਣ ਅਤੇ ਵੇਵ ਵਾਲੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ | ਹੋਲੋਗਰਾਮ ਦੇ ਮਾਡਲ ਅਤੇ ਬਿਜਲੀ ਦੇ ਓਪਨ ਸਰਕਿਟ ਦੇ ਮਾਡਲ ਵਾਲੀ ਟੀਮ ਨੂੰ ਹੌਸਲਾ ਅਫ਼ਜਾਈ ਵਜੋਂ ਕੌਨਸੋਲੇਸ਼ਨ ਇਨਾਮ ਦਿੱਤਾ ਗਿਆ | ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਚੰਦਨ ਕੁਮਾਰ, ਸਹਾਇਕ ਪ੍ਰੋਫੈਸਰ ਅਮਰੀਸ਼ ਖੁੱਲਰ, ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ ਅਤੇ ਸਹਾਇਕ ਪੋ੍ਰਫੈਸਰ ਸਿਮਰਨਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ |