ਕਟਾਰੀਆਂ, 6 ਮਾਰਚ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਦੇ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ ਮੋਹਣ ਸਿੰਘ ਮੋਹਣਾ ਤੇ ਸਾਬਕਾ ਕਬੱਡੀ ਖਿਡਾਰੀ ਕੁਲਵੰਤ ਸਿੰਘ ਕਾਂਤਾ ਕੰਦੋਲਾ ਦੇ ਘਰ ਦੇ ਸਾਹਮਣੇ ਪੈਂਦੇ ਗੰਦੇ ਛੱਪੜ ਦੀ ਸੜਕ ਵੱਲ ਦੇ ਪਾਸੇ ਰੇਿਲੰਗ ਨਾ ਹੋਣ ਕਾਰਨ ਰਾਹਗੀਰ ਤੇ ਪਿੰਡ ਵਾਸੀ ਡਾਢੇ ਪ੍ਰੇਸ਼ਾਨ ਹਨ, ਕਿਉਂਕਿ ਦਿਨ ਦੇ ਸਮੇਂ ਸਕੂਲੀ ਬੱਚਿਆਂ ਦਾ ਜਿੱਥੇ ਆਉਣਾ ਜਾਣਾ ਬਣਿਆ ਰਹਿੰਦਾ ਹੈ, ਉੱਥੇ ਹੀ ਦਿਨ ਰਾਤ ਰਹਾਗੀਰ ਵੀ ਇਸ ਸੜਕ ਉਪਰੋਂ ਗੁਜਰਦੇ ਰਹਿੰਦੇ ਹਨ | ਰੱਬ ਨਾ ਕਰੇ ਜੇਕਰ ਰਾਤ ਦੇ ਹਨੇਰੇ ਵਿੱਚ ਕਿਸੇ ਵਾਹਨ ਦੀਆਂ ਦੂਸਰੇ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਤੇਜ਼ ਲਾਈਟਾਂ ਪੈਣ ਕਾਰਨ ਕਦੇ ਵੀ ਕੋਈ ਰਾਹਗੀਰ ਆਪਣੀ ਜਾਨ ਤੋਂ ਹੱਥ ਧੋ ਸਕਦਾ ਹੈ | ਸਾਬਕਾ ਕਬੱਡੀ ਖਿਡਾਰੀ ਕੁਲਵੰਤ ਸਿੰਘ ਕੰਦੋਲਾ ਯੂ. ਕੇ. ਤੇ ਭਾਰਤੀ ਕਿਸਾਨ ਯੂਨੀਅਨ ਦੁਆਬੇ ਦੇ ਸੀਨੀਅਰ ਸੂਬਾ ਵਾਈਸ ਪ੍ਰਧਾਨ ਜਥੇ. ਦਵਿੰਦਰ ਸਿੰਘ ਗੋਗੀ ਸੰਧੂ ਨੇ ਕਿਹਾ ਕਿ ਕਈ ਵਾਰੀ ਭਾਰਵੀਂ ਬਰਸਾਤ ਹੋਣ ਕਾਰਨ ਛੱਪੜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕ ਵਿੱਚ ਭਰ ਜਾਂਦਾ ਹੈ ਤੇ ਗੰਦੇ ਪਾਣੀ ਵਿੱਚ ਜ਼ਹਿਰੀਲੇ ਕਿਸਮ ਦੇ ਸੱਪ ਅਤੇ ਹੋਰ ਕੀੜੇ ਮਕੌੜੇ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਜਿੱਥੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਦਾ ਲੰਘਣਾ ਮੁਸ਼ਕਿਲ ਭਰਿਆ ਹੁੰਦਾ ਹੈ, ਉਥੇ ਕਈ ਵਾਰੀ ਦੋਪਹੀਆ ਵਾਹਨ ਚਾਲਕ ਗੰਭੀਰ ਸੱਟਾਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ | ਸਮਾਜ ਸੇਵੀ ਕੁਲਵੰਤ ਸਿੰਘ ਕੰਦੋਲਾ ਤੇ ਕਿਸਾਨ ਆਗੂ ਜਥੇ. ਦਵਿੰਦਰ ਸਿੰਘ ਗੋਗੀ ਸੰਧੂ ਨੇ ਪੰਜਾਬ ਸਰਕਾਰ ਨੂੰ ਅਪੀਲ ਕਿਹਾ ਕਿ ਛੱਪੜ ਦੇ ਸੜਕ ਵਾਲੇ ਪਾਸੇ ਜਲਦ ਤੋਂ ਜਲਦ ਰੇਿਲੰਗ ਲਗਾਈ ਜਾਵੇ ਤਾਂ ਜੋ ਰਾਹਗੀਰਾਂ ਤੇ ਬੱਚਿਆਂ ਨੂੰ ਰਾਹਤ ਮਿਲ ਸਕੇ | ਇਸ ਸਬੰਧੀ ਸਰਪੰਚ ਡਾ. ਜਗਨ ਨਾਥ ਹੀਰਾ ਤੇ ਮੈਂਬਰ ਪੰਚਾਇਤ ਗੁਰਦੀਪ ਸਿੰਘ ਬਸਰਾ ਨੇ ਕਿਹਾ ਕਿ ਪਿੰਡ ਵਾਸੀਆਂ ਤੇ ਰਾਹਗੀਰਾਂ ਦੀ ਇਸ ਗੰਭੀਰ ਸਮੱਸਿਆ ਦਾ ਛੇਤੀ ਕੋਈ ਢੁੱਕਵਾਂ ਹੱਲ ਕੀਤਾ ਜਾਵੇਗਾ |