ਨਵਾਂਸ਼ਹਿਰ, 7 ਮਾਰਚ (ਜਸਬੀਰ ਸਿੰਘ ਨੂਰਪੁਰ)- ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਲੋਂ ਉਦਯੋਗਿਕ ਸਿਖਲਾਈ ਸੰਸਥਾ (ਔਰਤਾਂ), ਨਵਾਂਸ਼ਹਿਰ ਵਿਖੇ 'ਅੰਤਰਰਾਸ਼ਟਰੀ ਮਹਿਲਾ ਦਿਵਸ' ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਸ਼੍ਰੀਮਤੀ ਨੀਲਮ ਰਾਣੀ (ਪਿ੍ੰਸੀਪਲ) ਨੇ ਕੀਤੀ | ਇਸ ਮੌਕੇ 'ਤੇ ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਸੰਬੋਧਨ ਹੁੰਦਿਆ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਔਰਤਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਅਤੇ ਲਿੰਗ ਸਮਾਨਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ | ਅੱਜ ਔਰਤਾਂ ਸਮਾਜ ਦਾ ਅਹਿਮ ਹਿੱਸਾ ਹਨ ਤੇ ਲਗਪਗ ਹਰ ਖੇਤਰ 'ਚ ਮਹਿਲਾਵਾਂ ਦਾ ਪੁਰਸ਼ਾਂ ਦੇ ਬਰਾਬਰ ਦਾ ਯੋਗਦਾਨ ਹੈ | ਅੰਤਰਰਾਸ਼ਟਰੀ ਮਹਿਲਾ ਦਿਵਸ ਔਰਤਾਂ ਦੇ ਇਸ ਯੋਗਦਾਨ ਨੂੰ ਵਧਾਉਣ ਤੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ, ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ | ਇਸ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ 2026 ਦਾ ਥੀਮ 'ਪ੍ਰਾਪਤ ਕਰਨ ਲਈ ਦੇਣਾ' ਹੈ | ਇਹ ਥੀਮ ਮਹਿਲਾਵਾਂ ਦੇ ਸਸ਼ਕਤੀਕਰਨ, ਆਪਸੀ ਸਹਿਯੋਗ, ਗਿਆਨ ਦੀ ਸਾਂਝ ਅਤੇ ਸਮਾਜਿਕ ਤਰੱਕੀ ਲਈ ਸਮਾਂ ਅਤੇ ਸਾਧਨਾਂ ਨੂੰ ਸਾਂਝਾ ਕਰਨ 'ਤੇ ਜ਼ੋਰ ਦਿੰਦਾ ਹੈ | ਮਹਿਲਾਵਾਂ ਦੀ ਸਿੱਖਿਆ, ਸਿਹਤ, ਅਤੇ ਆਰਥਿਕ ਤਰੱਕੀ ਲਈ ਮਿਲ ਕੇ ਕੰਮ ਕਰਨਾ, ਜਿਸ ਨਾਲ ਪੂਰੇ ਸਮਾਜ ਨੂੰ ਫਾਇਦਾ ਹੋਵੇ | ਔਰਤਾਂ 'ਤੇ ਹੋਣ ਵਾਲੇ ਤਸ਼ੱਦਦ ਨੂੰ ਘੱਟ ਕਰਨ ਲਈ ਮਨੁੱਖੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ | ਇਸ ਮੌਕੇ 'ਤੇ ਸ੍ਰੀਮਤੀ ਜਸਵਿੰਦਰ ਕੌਰ, ਕੌਂਸਲਰ ਅਤੇ ਸ਼੍ਰੀਮਤੀ ਕਮਲਜੀਤ ਕੌਰ, ਕੌਂਸਲਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਕਵਿਤਾਵਾਂ ਪੇਸ਼ ਕਰਕੇ ਔਰਤਾਂ ਦੇ ਹੱਕਾ ਪ੍ਰਤੀ ਇਕੱਠ ਨੂੰ ਜਾਗਰੂਕ ਕੀਤਾ | ਅੰਤ ਵਿੱਚ ਨੀਲਮ ਰਾਣੀ ਪਿ੍ੰਸੀਪਲ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਕਾਲਜ ਦੇ ਸਟਾਫ਼ ਮੈਂਬਰ ਰਣਜੀਤ ਕੌਰ, ਅਜਨਾ ਕੁਮਾਰੀ, ਪੂਜਾ ਸ਼ਰਮਾ, ਅਮਨਦੀਪ ਕੌਰ, ਸਰਬਜੀਤ ਕੌਰ, ਪਰੀਆ, ਦਿਲਜੋਹਨ ਸਿੰਘ, ਅਮਰ ਬਹਾਦਰ ਅਤੇ ਵਿਦਿਆਰਥੀ ਹਾਜਰ ਸਨ |