ਪੋਜੇਵਾਲ ਸਰਾਂ, 9 ਮਾਰਚ (ਨਵਾਂਗਰਾਈਾ)-ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ 1 ਅਪੈ੍ਰਲ 2026 ਤੋਂ ਹਿਮਾਚਲ ਪ੍ਰਦੇਸ਼ ਵਿਚ ਐਂਟਰੀ ਟੋਲ ਫ਼ੀਸ ਵਿਚ ਕੀਤੇ ਜਾ ਰਹੇ ਭਾਰੀ ਵਾਧੇ ਵਿਰੁੱਧ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ 'ਦ ਐਚ.ਪੀ ਟੋਲ ਐਕਟ 1975' ਰਾਹੀਂ ਹਿਮਾਚਲ ਪ੍ਰਦੇਸ਼ ਵਿੱਚ ਐਂਟਰੀ ਕਰਨ 'ਤੇ ਵਾਹਨਾਂ 'ਤੇ ਟੋਲ ਟੈਕਸ ਲਗਾਇਆ ਹੋਇਆ ਹੈ | ਸਮੇਂ-ਸਮੇਂ 'ਤੇ ਹਿਮਾਚਲ ਸਰਕਾਰ ਵਲੋਂ ਇਸ ਟੋਲ ਟੈਕਸ ਦੇ ਰੇਟਾਂ ਵਿੱਚ ਵਾਧਾ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਤਾਂ ਹਿਮਾਚਲ ਸਰਕਾਰ ਨੇ ਹਿਮਾਚਲ ਐਂਟਰੀ ਲਈ ਲਗਾਏ ਟੋਲ ਟੈਕਸ ਵਿੱਚ ਇਕ ਦਮ 142 ਫੀਸਦੀ ਤੱਕ ਦਾ ਵਾਧਾ ਕਰਕੇ ਲੋਕਾਂ 'ਤੇ ਭਾਰੀ ਬੋਝ ਪਾ ਦਿੱਤਾ ਹੈ | ਜਿਸ ਨਾਲ ਖਾਸਕਰ ਪੰਜਾਬੀਆਂ ਵਿੱਚ ਹਾਹਾਕਾਰ ਮਚੀ ਹੋਈ ਹੈ | ਕਿਉਂਕਿ ਜਿਆਦਾਤਰ ਪੰਜਾਬੀ ਹੀ ਆਪਣੇ ਵਾਹਨਾਂ ਨਾਲ ਹਿਮਾਚਲ ਜਾਂਦੇ ਹਨ | ਇਸ ਸਬੰਧੀ ਬਾਬਾ ਸਤਨਾਮ ਸਿੰਘ ਮੁੱਖ ਪ੍ਰਬੰਧਕ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਦਾ ਮੰਨਣਾ ਹੈ ਕਿ ਸਰਕਾਰਾਂ ਦਾ ਕੰਮ ਤਾਂ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੁੰਦਾ ਹੈ ਪਰ ਹਿਮਾਚਲ ਸਰਕਾਰ ਉਲਟਾ ਆਮ ਲੋਕਾਂ 'ਤੇ ਭਾਰੀ ਬੋਝ ਪਾ ਕੇ ਉਹਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ | ਉਨ੍ਹਾਂ ਹਿਮਾਚਲ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਇਹ ਫੈਸਲਾ ਤੁਰੰਤ ਵਾਪਿਸ ਲਵੇ | ਇਸ ਸਬੰਧੀ ਹਕਲਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਹਿਮਾਚਲ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਹ ਟੋਲ ਟੈਕਸ ਤੁਰੰਤ ਬੰਦ ਕਰੇ | ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨਾਲ ਵੀ ਉਹ ਇਸ ਮਸਲੇ ਦੇ ਹੱਲ ਲਈ ਗੱਲ ਕਰਨਗੇ ਤਾਂ ਜੋ ਪੰਜਾਬੀਆਂ 'ਤੇ ਵਾਧੂ ਬੋਝ ਨਾ ਪਵੇ | ਉਹਨਾਂ ਕਿਹਾ ਕਾਂਗਰਸ ਹਮੇਸ਼ਾ ਲੋਕਾਂ 'ਤੇ ਵਾਧੂ ਭਾਰ ਲਈ ਹੀ ਫੈਸਲੇ ਲੈਂਦੀ ਹੈ | ਜਿਸ ਨਾਲ ਲੋਕਾਂ ਵਿੱਚ ਭਾਰੀ ਰੋਸ ਹੈ | ਇਸ ਸਬੰਧੀ ਸੀਨੀਅਰ ਅਕਾਲੀ ਆਗੂ ਅਸ਼ੋਕ ਕੁਮਾਰ ਨਾਨੋਵਾਲ ਨੇ ਕਿਹਾ ਕਿ ਹਰ ਪੰਜਾਬੀ ਦੀ ਜੁਬਾਨ 'ਤੇ ਇਹੀ ਗੱਲ ਹੈ ਕਿ ਇਸ ਸਬੰਧੀ ਪੰਜਾਬ ਸਰਕਾਰ ਜਾਂ ਤਾਂ ਹਿਮਾਚਲ ਸਰਕਾਰ 'ਤੇ ਦਬਾਅ ਬਣਾਵੇ ਜਾਂ ਫਿਰ ਪੰਜਾਬ ਸਰਕਾਰ ਅਜਿਹਾ ਕਦਮ ਪੁੱਟੇ ਜਿਸ ਨਾਲ ਹਿਮਾਚਲ ਸਰਕਾਰ ਮਜ਼ਬੂਰ ਹੋ ਕੇ ਇਹ ਐਂਟਰੀ ਟੋਲ ਟੈਕਸ ਬੰਦ ਕਰੇ | ਉਹਨਾਂ ਕਿਹਾ ਕਿ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਹਿਮਾਚਲ ਸਰਕਾਰ ਨਹੀਂ ਮੰਨਦੀ ਤਾਂ ਪੰਜਾਬ ਸਰਕਾਰ ਵੀ ਹਿਮਾਚਲ ਦੇ ਟੋਲ ਬੈਰੀਅਰ ਦੇ ਬਰਾਬਰ ਪੰਜਾਬ ਵਿੱਚ ਐਂਟਰੀ ਕਰਨ ਲਈ ਇੱਕ ਐਕਟ ਲਿਆ ਕੇ ਪੰਜਾਬ ਐਂਟਰੀ ਟੋਲ ਟੈਕਸ ਲਗਾਵੇ | ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਹਿਮਾਚਲ ਸਰਕਾਰ ਤੋਂ ਮੰਗ ਕੀਤੀ ਕਿ ਹਿਮਾਚਲ ਸਰਕਾਰ ਵਲੋਂ ਲੋਕਾਂ 'ਤੇ ਵਧਾਇਆ ਹਿਮਾਚਲ ਐਂਟਰੀ ਟੈਕਸ ਤੁਰੰਤ ਬੰਦ ਕੀਤਾ ਜਾਵੇ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਹਿਮਾਚਲ ਵਿੱਚ ਇਸ ਦਾ ਵਿਰੋਧ ਕਰ ਰਹੀ ਹੈ ਜਦਕਿ ਕਾਂਗਰਸ ਸਰਕਾਰ ਨੇ ਲੋਕਾਂ 'ਤੇ ਹੋਰ ਬੋਝ ਪਾ ਕੇ ਲੋਕਾਂ ਦੀਆਂ ਜੇਬਾਂ ਖਾਲੀ ਕੀਤੀਆਂ ਹਨ | ਇਸ ਸਬੰਧੀ ਕਾਮਰੇਡ ਮਹਾਂ ਸਿੰਘ ਰੌੜੀ ਨੇ ਹਿਮਾਚਲ ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਵਾਧੂ ਬੋਝ ਤੁਰੰਤ ਬੰਦ ਕੀਤਾ ਜਾਵੇ ਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇ ਆਪਣਾ ਫੈਸਲਾ ਨਾ ਬਦਲਿਆ ਤਾਂ ਲੋਕੀਂ ਸੰਘਰਸ਼ ਲਈ ਮਜ਼ਬੂਰ ਹੋਣਗੇ |
ਹਿਮਾਚਲ ਐਂਟਰੀ 'ਤੇ 1 ਅਪੈ੍ਰਲ ਤੋਂ ਹਿਮਾਚਲ ਸਰਕਾਰ ਵਲੋਂ ਕੀਤੇ ਜਾ ਰਹੇ ਵਾਧੇ ਨਾਲ ਪੰਜਾਬੀਆਂ 'ਚ ਭਾਰੀ ਰੋਸ
ਅਜੀਤ ਡੈਸਕ
10-03-2026