ਬੰਗਾ, 9 ਮਾਰਚ (ਧਰਮਵੀਰ ਪਾਲ)-ਪੰਜਾਬ ਦੀ ਰਾਜਨੀਤੀ ਵਿਚ ਇਸ ਸਮੇਂ ਇਕ ਨਵਾਂ ਮਹੌਲ ਬਣਦਾ ਨਜ਼ਰ ਆ ਰਿਹਾ ਹੈ | ਬੰਗਾ ਹਲਕੇ ਦੇ ਵੱਖ-ਵੱਖ ਆਗੂਆਂ ਨੇ ਦਾਅਵਾ ਕੀਤਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨੀ ਤੈਅ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਵਿੱਚ ਇੱਕ ਮਜ਼ਬੂਤ ਲਹਿਰ ਚੱਲ ਰਹੀ ਹੈ, ਜਿਸ ਨਾਲ ਆਮ ਲੋਕ ਜੁੜ ਰਹੇ ਹਨ | ਬੰਗਾ ਦੇ ਕੌਂਸਲਰ ਜੀਤ ਸਿੰਘ ਭਾਟੀਆ ਤੇ ਕੌਂਸਲਰ ਜਸਵਿੰਦਰ ਸਿੰਘ ਮਾਨ ਜੋ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਹਨ ਨੇ ਕਿਹਾ ਕਿ ਲੋਕਾਂ ਵਿਚ ਅਕਾਲੀ ਦਲ ਪ੍ਰਤੀ ਵਧਦਾ ਭਰੋਸਾ ਸਪੱਸ਼ਟ ਦਿਖਾਈ ਦੇ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਈ ਸਮਰਥਕ ਆਪਣੀਆਂ ਗੱਡੀਆਂ ਦੇ ਪਿੱਛੇ 'ਪ੍ਰਾਊਡ ਟੂ ਬੀ ਅਕਾਲੀ' ਦੇ ਸਟਿੱਕਰ ਲਗਾ ਰਹੇ ਹਨ, ਜੋ ਪਾਰਟੀ ਪ੍ਰਤੀ ਉਤਸ਼ਾਹ ਅਤੇ ਸਮਰਥਨ ਨੂੰ ਦਰਸਾਉਂਦਾ ਹੈ | ਆਗੂਆਂ ਨੇ ਕਿਹਾ ਕਿ ਅਕਾਲੀ ਦਲ ਹੀ ਇਕ ਐਸੀ ਪਾਰਟੀ ਹੈ ਜੋ ਸਿਰਫ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਸੇਵਾ ਲਈ ਵਚਨਬੱਧ ਹੈ | ਉਨ੍ਹਾਂ ਦਾਅਵਾ ਕੀਤਾ ਕਿ ਹੋਰ ਪਾਰਟੀਆਂ ਦਿੱਲੀ ਦੇ ਇਸ਼ਾਰਿਆਂ 'ਤੇ ਚੱਲਦੀਆਂ ਹਨ, ਜਦਕਿ ਅਕਾਲੀ ਦਲ ਹਮੇਸ਼ਾਂ ਪੰਜਾਬ ਦੇ ਹਿੱਤਾਂ ਨੂੰ ਪਹਿਲ ਦਿੰਦਾ ਆਇਆ ਹੈ | ਉਨ੍ਹਾਂ ਕਿਹਾ ਕਿ 2027 ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਸਰਕਾਰ ਬਣਾ ਕੇ ਪੰਜਾਬ ਦੀ ਤਰੱਕੀ ਵਿੱਚ ਇੱਕ ਨਵਾਂ ਇਤਿਹਾਸ ਰਚੇਗਾ ਅਤੇ ਸੂਬੇ ਨੂੰ ਵਿਕਾਸ ਦੀ ਨਵੀਂ ਦਿਸ਼ਾ ਦੇਵੇਗਾ |