ਔੜ, 12 ਮਾਰਚ (ਗੁਰਨਾਮ ਸਿੰਘ ਸੈਣੀ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਾਕਟਰ ਰਾਕੇਸ਼ ਕੁਮਾਰ ਸ਼ਰਮਾ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਡਾ.ਦਾਰਾ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਦਫ਼ਤਰ ਔੜ ਵਿਖੇ ਆਤਮਾ ਸਕੀਮ ਤਹਿਤ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਡਾ. ਦਾਰਾ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਕਿਸਾਨਾਂ ਨਾਲ ਮਸ਼ੀਨਰੀ ਦੀ ਸੁਚੱਜੀ ਵਰਤੋਂ, ਖੇਤੀਬਾੜੀ ਵਿਭਾਗ ਵੱਲੋਂ ਨਵੀਆਂ ਖੇਤੀ ਮਸ਼ੀਨਰੀਆਂ, ਜਿਨ੍ਹਾਂ ਉੱਤੇ ਸਰਕਾਰ ਵਲੋਂ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ ਤੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਪੂਰਾ ਲਾਭ ਲੈਣ ਅਤੇ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਖੇਤੀ ਨੂੰ ਹੋਰ ਤਰੱਕੀਸ਼ੀਲ ਬਣਾਉਣ ਬਾਰੇ ਗੱਲ ਕੀਤੀ ਗਈ | ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਰਾਜ ਕੁਮਾਰ ਬਲਾਕ ਖੇਤੀਬਾੜੀ ਅਫ਼ਸਰ ਔੜ ਨੇ ਕਿਸਾਨਾਂ ਨੂੰ ਐਗਰੀ ਸਟੈਕ ਅਤੇ ਖੇਤੀ ਤੋਂ ਵੱਧ ਮੁਨਾਫਾ ਲੈਣ ਲਈ ਕਣਕ ਝੋਨਾ ਛੱਡ ਕੇ ਮੱਕੀ, ਦਾਲਾਂ ਅਤੇ ਤੇਲ ਬੀਜ ਅਧੀਨ ਰਕਬਾ ਵਧਾਉਣ, ਕੁਦਰਤੀ ਖੇਤੀ ਅਤੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਖੇਤੀਬਾੜੀ ਵਿਸਥਾਰ ਅਫ਼ਸਰ ਦੀਪਕ ਕੁਮਾਰ ਨੇ ਦਾਲਾਂ ਦੀ ਕਾਸ਼ਤ ਨੂੰ ਕਾਮਯਾਬ ਕਰਨ ਲਈ ਮੁੱਖ ਦਾਲਾਂ ਸੱਠੀ ਮੂੰਗੀ, ਮਾਹ ਆਦਿ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ | ਮੈਡਮ ਅੰਜੂ ਸਾਗਰ, ਖੇਤੀਬਾੜੀ ਵਿਸਥਾਰ ਅਫ਼ਸਰ ਔੜ ਨੇ ਕਿਸਾਨਾਂ ਨਾਲ ਭੂਮੀ-ਪਰਖ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਕਿਸਾਨਾਂ ਨੂੰ ਮਿੱਟੀ ਪਰਖ ਕਰਵਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਜਸਵਿੰਦਰ ਸਿੰਘ, ਲਖਵਿੰਦਰ ਸਿੰਘ ਦੋਵੇਂ ਟੈਕਨੋਲੋਜੀ ਮੈਨੇਜਰ, ਗਾਥੂ ਰਾਮ ਬੇਲਦਾਰ ਤੇ ਅਗਾਂਹਵਧੂ ਕਿਸਾਨ ਹਾਜ਼ਰ ਸਨ |