ਕਾਠਗੜ੍ਹ, 27 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਕਸਬੇ 'ਚ ਸਥਿਤ ਦਾਣਾ ਮੰਡੀ ਆਪਣੀ ਹੀ ਹਾਲਤ 'ਤੇ ਅੱਥਰੂ ਵਹਾਉਦੀ ਹੋਈ ਕਾਫ਼ੀ ਲੰਮੇ ਸਮੇਂ ਤੋਂ ਸਰਕਾਰੀ ਲਾਰਿਆਂ ਦੀ ਭੇਟ ਚੜ੍ਹੀ ਹੋਈ ਹੈ, ਪਰ ਇਸ ਦਾ ਖਾਮਿਆਜ਼ਾ ਕਿਸਾਨਾਂ ਨੂੰ ਹਰ ਵਾਰ ਫਸਲਾਂ ਲਿਆਉਣ ਵੇਲੇ ਭੁਗਤਣਾ ਪੈਦਾਂ ਹੈ | ਇੱਥੇ ਇਹ ਵਰਨਣਯੋਗ ਹੈ ਕਿ ਮੰਡੀ ਦਾ ਫੜ ਕੱਚਾ, ਛੋਟਾ ਅਤੇ ਪੱਧਰਾ ਨਾ ਹੋਣ ਕਾਰਨ ਹਮੇਸ਼ਾ ਕਿਸਾਨ ਕਣਕ ਮੰਡੀ ਦੀ ਕੱਚੀ ਥਾਂ 'ਤੇ ਸੁੱਟਣ ਲਈ ਮਜਬੂਰ ਹੁੰਦੇ ਹਨ, ਜਿਸ ਨਾਲ ਉਨ੍ਹਾਂ ਦੀ ਜਿਨਸ ਦਾ ਕਾਫੀ ਹਿੱਸਾ ਖਰਾਬ ਹੋ ਜਾਂਦਾ ਹੈ ਅਤੇ ਫਿਰ ਵੀ ਕਿਸਾਨ ਮਜਬੂਰੀ ਬਸ ਇੱਥੇ ਫਸਲ ਸੁੱਟਣ ਲਈ ਮਜਬੂਰ ਹੁੰਦੇ ਹਨ | ਮੰਡੀ ਵਿਚ ਕਿਸਾਨਾਂ ਦੀ ਸਹੂਲਤ ਲਈ ਨਾ ਪੀਣ ਵਾਲੇ ਪਾਣੀ ਦੀ ਪੱਕੇ ਤੌਰ ਸੁਵਿਧਾ ਹੈ ਅਤੇ ਨਾ ਹੀ ਮੰਡੀਕਰਨ ਵਿਭਾਗ ਵੱਲੋਂ ਕਿਸਾਨਾਂ ਅਤੇ ਮਜਦੂਰਾਂ ਲਈ ਬਾਥਰੂਮ ਅਤੇ ਫਲੱਸ਼ਾਂ ਦਾ ਪ੍ਰਬੰਧ ਕੀਤਾ ਗਿਆ, ਜਿਸ ਕਾਰਨ ਹਰ ਵਾਰ ਸੀਜ਼ਨ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਲਾਕੇ ਦੇ ਪ੍ਰਸਿੱਧ ਕਿਸਾਨਾਂ ਜਥੇਦਾਰ ਸੁਰਜੀਤ ਸਿੰਘ ਦੋਭਾਲੀ, ਜਥੇਦਾਰ ਮੁਖਤਿਆਰ ਸਿੰਘ ਗਿੱਲ, ਜਥੇਦਾਰ ਦਲਜੀਤ ਸਿੰਘ ਮੋਲਾ ਆਦਿ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਕਿਸਾਨਾਂ ਵਲੋਂ ਖੂਨ ਪਸੀਨੇ ਨਾਲ ਪੈਂਦਾ ਕੀਤੀ ਫਸਲ ਨੂੰ ਮੰਡੀ ਵਿੱਚ ਰੁਲਣ ਤੋਂ ਬਚਾਉਣ ਲਈ ਮੰਡੀ ਬੋਰਡ ਕਾਠਗੜ੍ਹ ਦਾਣਾ ਮੰਡੀ ਦਾ ਸੁਧਾਰ ਕਰਨ ਦਾ ਉਪਰਾਲਾ ਕਰੇ, ਤਾਂਕਿ ਕਿਸਾਨਾਂ ਦੀਆਂ ਕੀਮਤੀ ਫਸਲਾਂ ਨੂੰ ਮਿੱਟੀ ਵਿਚ ਰੁਲਣ ਤੋਂ ਬਚਾਇਆ ਜਾ ਸਕੇ | ਜਦੋਂ ਇਸ ਸਬੰਧੀ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਬਲਾਚੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਦਾਣਾ ਮੰਡੀ ਵਿਚ ਕਿਸਾਨਾਂ ਨੂੰ ਆ ਰਹੀ ਇਸ ਤਕਲੀਫ਼ ਸਬੰਧੀ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਤਕਲੀਫ ਨੂੰ ਹੱਲ ਕਰਵਾਉਣ ਦਾ ਉਪਰਾਲਾ ਕਰਾਂਗੀ | ਜਦੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਇਸ ਸਰਕਾਰ ਤੋਂ ਵਿਕਾਸ ਕੰਮਾਂ ਦੀ ਉਮੀਦ ਰੱਖਣੀ ਬੇਹੱਦ ਨਿਰਾਸ਼ਾ ਜਨਕ ਹੋਵੋਗੀ, ਕਿਉਂਕਿ ਇਸ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦਾ ਪੈਸਾ ਆਪਣੀਆਂ ਮਸ਼ਹੂਰੀਆਂ ਅਤੇ ਹੈਲੀਕਾਪਟਰਾਂ ਦੇ ਝੂਟਿਆਂ ਦੇ ਖਰਚ ਰਹੇ ਹਨ, ਜਿਸ ਕਾਰਨ ਪੰਜਾਬ ਦਾ ਵਿਕਾਸ ਨਹੀ ਹੋਵੇਗਾ | ਜਦੋਂ ਇਸ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਜਿਸ ਕਰਕੇ ਸਮਾਜ ਵਿਰੋਧੀ ਅਨਸਰਾਂ ਦਾ ਬੋਲ-ਬਾਲਾ ਹੈ, ਜਿਸ ਕਾਰਨ ਪੰਜਾਬ ਦੇ ਵਿਕਾਸ ਦੇ ਕੰਮ ਬੁਰੀ ਤਰ੍ਹਾਂ ਨਾਲ ਲੜਖੜ੍ਹਾ ਗਏ ਹਨ ਅਤੇ ਇਸ ਸਰਕਾਰ ਨੇ ਵਿਕਾਸ ਦੇ ਕੰਮ ਘੱਟ ਅਤੇ ਆਪਣੀ ਐਸ਼ੋਇਸ਼ਰਤ ਦੇ ਕੰਮ ਵਧੇਰੇ ਕੀਤੇ ਹਨ | ਇਸ ਲਈ ਇਹਨਾਂ ਤੋਂ ਵਿਕਾਸ ਦੇ ਕੰਮਾਂ ਦੀ ਆਸ ਨਹੀਂ ਰੱਖਣੀ ਚਾਹੀਦੀ |