ਮਜਾਰੀ/ਸਾਹਿਬਾ, 7 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹੁਨਮਾਈ ਹੇਠ ਚੱਲ ਰਹੇ ਇਲਾਕੇ ਦੀ ਧਾਰਮਿਕ ਤੇ ਮਹਾਨ ਸੰਸਥਾ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਸਕੂਲ ਤੇ ਕਾਲਜ ਲੜਕੀਆਂ ਮਜਾਰੀ ਵਿਖੇ ਬੱਚਿਆਂ ਦੀ ਦਾਖਲਾ ਮੁਹਿੰਮ ਸ਼੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਅਰਦਾਸ ਕਰ ਕੇ ਸ਼ੁਰੂ ਕੀਤੀ ਗਈ | ਇਸ ਬਾਰੇ ਪਿ੍. ਮਨਜਿੰਦਰ ਕੌਰ ਨੇ ਦੱਸਿਆ ਕਿ ਦਾਨੀ ਸੱਜਣਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਇਸ ਸੰਸਥਾ ਦੇ ਸਕੂਲ ਵਿਚ ਨਰਸਰੀ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਬੱਚਿਆਂ ਦੇ ਦਾਖਲੇ ਸ਼ੁਰੂ ਕੀਤੇ ਗਏ ਹਨ | ਜਿਸ ਵਿਚ ਬੱਚਿਆਂ ਦੇ ਮਾਪਿਆਂ ਤੋਂ ਬਹੁਤ ਹੀ ਘੱਟ ਫੀਸਾਂ ਲਈਆਂ ਜਾ ਰਹੀਆਂ ਹਨ ਤੇ ਬੱਚਿਆਂ ਨੂੰ ਘਰਾਂ ਤੋਂ ਲਿਆਉਣ ਤੇ ਛੱਡਣ ਵਾਸਤੇ ਬੱਸਾਂ ਦੀ ਸੁਵਿਧਾ ਵੀ ਮੌਜੂਦ ਹੈ | ਇਸ ਸੰਸਥਾ ਦੀ ਮੈਨਜਮੈਂਟ ਵਲੋਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਵਧੀਆ ਤੇ ਸਸਤੀਆਂ ਪੜਾਈ ਦੀਆਂ ਸੁਵਿਧਾਵਾਂ ਦਿਵਾਉਣ ਲਈ ਇਸ ਸਕੂਲ ਤੇ ਕਾਲਜ ਵਿਚ ਦਾਖ਼ਲ ਕਰਵਾਓ | ਇਥੇ ਬੱਚਿਆਂ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਦੇਣ ਵਾਸਤੇ ਧਾਰਮਿਕ ਕਲਾਸਾਂ ਲਗਵਾਈਆਂ ਜਾਂਦੀਆਂ ਹਨ |