ਰੱਤੇਵਾਲ/ਕਾਠਗੜ੍ਹ, 9 ਅਪ੍ਰੈਲ (ਅਸ਼ੋਕ ਕੁਮਾਰ ਲੀਲ, ਹਰਸਿਮਰਨ ਜੋਤ ਸਿੰਘ ਕਲੇਰ)-ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਿਤ ਭਾਈ ਲਾਲੋ ਲੋਕ ਮੰਚ ਪੰਜਾਬ ਦੇ ਟੌਸਾ ਯੂਨਿਟ ਦੀ ਮੀਟਿੰਗ ਸਾਥੀ ਮਨੋਹਰ ਲਾਲ ਅਤੇ ਬੀਬੀ ਸਸੀ ਰਾਣਾ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਹਵਾ ਪਾਣੀ ਦੇ ਪ੍ਰਦੂਸ਼ਣ, ਮਾਰੂ ਨਸ਼ੇ ਰੋਕਣ, ਸਰਕਾਰੀ ਵਿੱਦਿਆ ਅਤੇ ਸਿਹਤ ਸੇਵਾਵਾਂ 'ਤੇ ਖੁੱਲ ਕੇ ਵਿਚਾਰ ਚਰਚਾ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਕਰਨ ਸਿੰਘ ਰਾਣਾ ਸੂਬਾਈ ਜਨਰਲ ਸਕੱਤਰ ਨੇ ਕਿਹਾ ਕਿ ਉਪਰੋਕਤ ਮੁੱਦਿਆਂ ਤੋਂ ਇਲਾਵਾ ਬਲਾਚੌਰ ਹਲਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ, ਸਰਕਾਰੀ ਦਫ਼ਤਰਾਂ ਵਿੱਚ ਭਿ੍ਸ਼ਟਾਚਾਰ, ਕਾਨੂੰਨ ਦਾ ਰਾਜ, ਰੋਜ਼ਗਾਰ ਅਤੇ ਬੇਸਹਾਰਾ ਪਸ਼ੂਆਂ ਤੇ ਜੰਗਲੀ ਜਾਨਵਰਾਂ ਵੱਲੋਂ ਹੁੰਦਾ ਫ਼ਸਲੀ ਉਜਾੜਾ ਵੀ ਮੁੱਖ ਮੁੱਦੇ ਹਨ, ਜਿਨਾਂ ਵੱਲ ਪਿਛਲੇ 20 ਸਾਲਾਂ ਤੋਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ | ਮੌਜੂਦਾ ਸਰਕਾਰ ਦੇ ਕੰਮ ਕਰਨ ਦੇ ਸਿਰਫ਼ ਛੇ ਮਹੀਨੇ ਬਾਕੀ ਰਹਿ ਗਏ ਹਨ, ਇਸ ਲਈ ਹਲਕਾ ਵਿਧਾਇਕ ਨੂੰ ਇਹਨਾਂ ਮੁੱਦਿਆਂ 'ਤੇ ਜਥੇਬੰਦੀਆਂ ਤੇ ਆਮ ਲੋਕਾਂ ਨਾਲ ਵਿਚਾਰ ਚਰਚਾ ਕਰਕੇ ਇਹਨਾਂ ਨੂੰ ਹੱਲ ਕਰਨ ਦਾ ਉਪਰਾਲਾ ਕਰਨਾ ਪਵੇਗਾ | ਸਾਥੀ ਰਾਣਾ ਨੇ ਚਿੰਤਾ ਪ੍ਰਗਟ ਕੀਤੀ ਕਿ ਇਹਨਾਂ ਲੋਕ ਮੁੱਦਿਆਂ 'ਤੇ ਵਿਧਾਇਕਾਂ ਨੇ ਕਦੇ ਵੀ ਵਿਧਾਨ ਸਭਾ ਵਿੱਚ ਗੱਲ ਨਹੀਂ ਕੀਤੀ ਅਤੇ ਨਾ ਹੀ ਇਹਨਾਂ ਮੁੱਦਿਆਂ 'ਤੇ ਹਲਕੇ ਦੇ ਲੋਕਾਂ ਨਾਲ ਕਦੇ ਚਰਚਾ ਕੀਤੀ ਹੈ, ਇਹੀ ਹਾਲ ਪਿਛਲੇ ਵਿਧਾਇਕਾਂ ਦਾ ਰਿਹਾ ਹੈ | ਉਹਨਾਂ ਦੱਸਿਆ ਵਿਧਾਇਕਾਂ ਦੀ ਅਣਗਹਿਲੀ ਦਾ ਕਾਰਨ ਉਨ੍ਹਾਂ ਦੀਆਂ ਰਾਜਨੀਤਕ ਧਿਰਾਂ ਹਨ ਜੋ ਸਿਰਫ਼ ਤੇ ਸਿਰਫ਼ ਧੰਨਵਾਨ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਹਨ | ਆਮ ਲੋਕ ਇਹਨਾਂ ਸੱਤਾਧਾਰੀ ਪਾਰਟੀਆਂ ਦੇ ਏਜੰਡੇ 'ਤੇ ਨਹੀਂ ਹਨ | ਪਿਛਲੇ ਸਾਲਾਂ ਦੇ ਵਿਧਾਇਕਾਂ ਨੇ ਕਦੇ ਵੀ ਜਨ ਸੰਘਰਸ਼ਾਂ ਵਿੱਚ ਹਿੱਸਾ ਨਹੀਂ ਲਿਆ, ਜਦ ਕਿ ਜਨ ਸੰਘਰਸ਼ ਹੀ ਲੋਕ ਮੰਗਾਂ ਦੀ ਪ੍ਰਾਪਤੀ ਲਈ ਸਹੀ ਸਾਧਨ ਹਨ | ਉਹਨਾਂ ਹਲਕਾ ਵਿਧਾਇਕ ਤੋਂ ਮੰਗ ਕੀਤੀ ਕਿ ਉਪਰੋਕਤ ਮੁੱਦਿਆਂ ਨੂੰ ਹੱਲ ਕਰਨ ਲਈ ਵਿਸ਼ੇਸ਼ ਧਿਆਨ ਦੇਣ | ਉਨ੍ਹਾਂ ਹਲਕਾ ਬਲਾਚੌਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਮੁੱਦਿਆਂ 'ਤੇ ਵਿਸਤਰਿਤ ਚਰਚਾ ਕਰਕੇ ਜਨ ਸੰਘਰਸ਼ਾਂ ਦੀ ਲਾਮਬੰਦੀ ਕਰਨ | ਜਿਹੜੀਆਂ ਰਾਜਨੀਤਿਕ ਧਿਰਾਂ ਜਾਂ ਉਮੀਦਵਾਰ ਲੋਕ ਮੁੱਦਿਆਂ 'ਤੇ ਚਰਚਾ ਨਹੀਂ ਕਰਦੇ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਆਸ ਨਾ ਰੱਖਣ |