ਬਲਾਚੌਰ, 12 ਅਪ੍ਰੈਲ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਖ਼ਾਲਸਾ ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ-ਬਲਾਚੌਰ ਵਿਖੇ ਪੰਜਾਬੀ ਸਾਹਿਤ ਸਭਾ ਬਲਾਚੌਰ ਦੀ ਮਾਸਿਕ ਮੀਟਿੰਗ ਸਕੂਲ ਵਿਕਾਸ ਕਮੇਟੀ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ | ਸਭਾ ਦੇ ਮੈਂਬਰ ਸੁਨੀਲ ਚੰਦਿਆਣਵੀ ਦੇ ਸਤਿਕਾਰਯੋਗ ਪਿਤਾ ਸੂਬੇਦਾਰ ਆਤਮਾ ਰਾਮ ਚੰਦਿਆਣੀ ਕਲਾਂ ਦੇ ਅਕਾਲ ਚਲਾਣਾ ਕਰ ਜਾਣ 'ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ | ਸਭਾ ਦੇ ਜਨਰਲ ਸਕੱਤਰ ਅਨੀ ਕਾਠਗੜ੍ਹ ਨੇ ਸਭਾ ਦੀਆਂ ਸਰਗਰਮੀਆਂ ਦੀ ਹੁਣ ਤੱਕ ਅਤੇ ਸਭਾ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਨਵਾਂਸ਼ਹਿਰ ਵਾਲਿਆਂ ਨੇ ਸਭਾ ਦੀਆਂ ਭਵਿੱਖ ਦੀਆਂ ਸਰਗਰਮੀਆਂ ਦੇ ਪ੍ਰੋਗਰਾਮਾਂ ਬਾਰੇ ਵਿਚਾਰ ਸਾਂਝੇ ਕੀਤੇ | ਸਭਾ ਦੀ ਪੰਜਾਹਵੀਂ ਵਰ੍ਹੇਗੰਢ ਨੂੰ ਗੋਲਡਨ ਜੁਬਲੀ ਦੇ ਰੂਪ ਵਿਚ ਮਨਾਉਣ ਮੌਕੇ ਸਭਾ ਦੇ ਮੈਂਬਰਾਂ ਦੀ ਸਾਂਝੀ ਪੁਸਤਕ 'ਸਾਂਝੀਆਂ ਸੁਰਾਂ' ਪ੍ਰਕਾਸ਼ਿਤ ਕਰਨ ਵਾਰੇ ਵੀ ਫ਼ੈਸਲਾ ਲਿਆ | ਇਸ ਮੌਕੇ ਅਨੀ ਕਾਠਗੜ੍ਹ ਨੇ ਗ਼ਜ਼ਲ ਅਤੇ ਗੁਰਜਿੰਦਰ ਸਿੰਘ ਸਾਹਦੜਾ ਵਲੋਂ ਮੁਹੱਬਤੀ ਸਵਾਲ-ਜਵਾਬ ਵਾਲੀ ਲਾ-ਮਿਸਾਲ ਕਵਿਤਾ ਅਤੇ ਦੀਦਾਰ ਸਿੰਘ ਸ਼ੇਤਰਾ ਨੇ ਇਸਰਾਈਲ ਦੇ ਫ਼ਲਸਤੀਨ 'ਤੇ ਕੀਤੇ ਜਾ ਰਹੇ ਹਮਲਿਆਂ ਦਾ ਦਰਦ ਪ੍ਰਗਟਾਉਂਦੀ ਕਵਿਤਾ 'ਘੀਸੂ' ਪੇਸ਼ ਕੀਤੀ | ਇਸ ਮੌਕੇ ਹਰਦੀਪ ਸਿੰਘ ਕਲਮ ਗਹੂੰਣ, ਨਰੇਸ਼ ਧੌਲ, ਜਸਵਿੰਦਰ ਸਿੰਘ ਬੈਂਸ, ਹਰਭਜਨ ਸਿੰਘ ਹੀਰ, ਸੁਰਿੰਦਰ ਪਾਲ ਰੁੜਕੀ ਕਲਾਂ ਨੇ ਸਾਹਿਤ ਦੀ ਮਨੁੱਖ ਦੇ ਜੀਵਨ ਵਿੱਚ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਹਰਜਿੰਦਰ ਸਿੰਘ ਗੁੱਲਪੁਰ, ਪਰਮਜੀਤ ਦੇਹਲ, ਸੁਨੀਲ ਚੰਦਿਆਣਵੀ, ਹਰਕੰਵਲ ਸਿੰਘ ਕੌਲਗੜ੍ਹ, ਕੇਵਲ ਬਾਗੜੀ ਜੋਗੇਵਾਲ, ਅਮਿਤ ਆਦੋਆਣਾ, ਮਾਸਟਰ ਹਰਿੰਦਰ ਸਿੰਘ ਨਵਾਂਸ਼ਹਿਰ, ਮਾ. ਮਨਜੀਤ ਸਿੰਘ ਬਲਾਚੌਰ, ਮਾ. ਅਜੀਤ ਸਿੰਘ ਗੁੱਲਪੁਰ ਆਦਿ ਨੇ ਵੀ ਮੀਟਿੰਗ ਵਿਚ ਭਾਗ ਲਿਆ |