ਟੱਪਰੀਆਂ ਖ਼ੁਰਦ, 12 ਅਪ੍ਰੈਲ (ਬਲਵਿੰਦਰ ਨਾਨੋਵਾਲੀਆ)-ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੜੋਆ ਦੀ ਵਿਸ਼ੇਸ਼ ਇਕੱਤਰਤਾ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਹੋਈ | ਜਿਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਵੈੱਲਫੇਅਰ ਸੁਸਾਇਟੀ ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਸਬੰਧੀ ਪਿੰਡ ਬੇਗਮਪੁਰ ਵਿਖੇ ਜੋ ਸਮਾਗਮ 19 ਅਪ੍ਰੈਲ ਦਿਨ ਐਤਵਾਰ ਨੂੰ ਕਰਵਾਇਆ ਜਾਣਾ ਸੀ, ਪ੍ਰਬੰਧਕੀ ਕਾਰਨਾਂ ਕਰਕੇ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ | ਸੁਸਾਇਟੀ ਦੇ ਪ੍ਰਧਾਨ ਪੋ੍ਰਫੈਸਰ ਵਰਿੰਦਰ ਬਛੌੜੀ ਨੇ ਦੱਸਿਆ ਕਿ ਵੈੱਲਫੇਅਰ ਸੁਸਾਇਟੀ ਵਲੋਂ 19 ਅਪ੍ਰੈਲ ਨੂੰ ਸਮਾਗਮ ਵਾਲੇ ਦਿਨ ਸੂਬਾ ਸਰਕਾਰ ਵਲੋਂ ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ਅੰਦਰ ਅਧਿਆਪਕ ਪ੍ਰਤੀਯੋਗਤਾ ਟੈਸਟ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਦਾ ਪ੍ਰਬੰਧ ਕਰਨ ਵਾਲੇ ਬਹੁਤੇ ਅਧਿਆਪਕ ਖ਼ੁਦ ਵੀ ਇਹ ਵਿਭਾਗੀ ਟੈਸਟ ਦੇ ਰਹੇ ਹਨ ਅਤੇ ਬਹੁਤੇ ਅਧਿਆਪਕਾਂ ਦੀ ਇਸ ਦਿਨ ਪ੍ਰੀਖਿਆ ਦੇ ਪ੍ਰਬੰਧਾਂ 'ਚ ਡਿਊਟੀਆਂ ਵੀ ਲੱਗੀਆਂ ਹੋਈਆ ਹਨ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਵੱਖ-ਵੱਖ ਸਕੂਲਾਂ ਵਿਚ ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨ ਕੀਤਾ ਜਾਣਾ ਸੀ | ਇਸ ਕਰਕੇ ਸਮਾਗਮ ਦੇ ਪ੍ਰਬੰਧਕਾਂ ਵਿਚ ਆ ਰਹੀਆਂ ਦਿੱਕਤਾਂ ਕਾਰਨ ਇਹ ਸਮਾਗਮ ਅਗਲੇ ਕੁੱਝ ਦਿਨਾਂ ਲਈ ਮੁਲਤਵੀ ਕੀਤਾ ਗਿਆ ਹੈ |