ਜਾਡਲਾ, 12 ਅਪ੍ਰੈਲ (ਸੁਰਿੰਦਰ ਦੁੱਗਲ) - ਪਿੰਡ ਦੌਲਤਪੁਰ ਵਿਖੇ ਕੁਲ ਹਿੰਦ ਕਿਸਾਨ ਸਭਾ ਵਲੋਂ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਦੌਲਤਪੁਰ ਦੀ ਅਗਵਾਈ ਹੇਠ ਕੁਲ ਹਿੰਦ ਕਿਸਾਨ ਸਭਾ ਦਾ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸਭਾ ਦੇ ਪ੍ਰਧਾਨ ਕਾਮਰੇਡ ਚਰਨਜੀਤ ਸਿੰਘ ਦੌਲਤਪੁਰ ਨੇ ਕਿਹਾ ਕਿ ਕਿਸਾਨ ਸਭਾ ਦੀ ਸਥਾਪਨਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ 11 ਅਪਰੈਲ 1936 ਵਿਚ ਹੋਈ ਸੀ | ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਸਭ ਤੋਂ ਵੱਡਾ ਸੰਗਠਨ ਪੂਰੇ ਦੇਸ਼ ਅੰਦਰ ਸਾਮਰਾਜੀ ਤਾਕਤਾਂ ਪੂੰਜੀਵਾਦ ਅਤੇ ਦੇਸ਼ ਅੰਦਰ ਹੋ ਰਹੀਆਂ ਹਰ ਤਰ੍ਹਾਂ ਦੀਆਂ ਵਧੀਕੀਆਂ ਵਿਰੁੱਧ ਸੰਘਰਸ਼ ਕਰਦਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਕਤ ਸੰਗਠਨ ਦੇ ਪਹਿਲੇ ਰਾਸ਼ਟਰੀ ਸੰਮੇਲਨ ਵਿਚ ਜਿਹੜਾ ਖੇਤੀ ਕਰਦਾ ਉਸਦੀ ਜ਼ਮੀਨ ਦੀ ਮੰਗ ਕੀਤੀ ਗਈ ਸੀ | ਉਸ ਦਿਨ ਤੋਂ ਲੈਕੇ ਹੁਣ ਤੱਕ ਇਹ ਸੰਗਠਨ ਕਿਸਾਨਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਖਿਲਾਫ ਲੜਦਾ ਆ ਰਿਹਾ ਹੈ | ਜਿਸਦੀ ਮਿਸਾਲ ਦਿੱਲੀ ਦੇ ਬਾਰਡਰਾਂ 'ਤੇ ਚਲਿਆ ਕਿਸਾਨੀ ਸੰਘਰਸ਼ ਹੈ | ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਮੇਂ ਦੀ ਸਰਕਾਰ ਕਿਸਾਨਾਂ ਲਈ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ 2026 ਲਿਆ ਕੇ ਕਿਸਾਨ ਦੇ ਹੱਕ ਖੋਹ ਰਹੀ ਹੈ | ਇਸ ਲਈ ਸਾਨੂੰ ਸੰਘਰਸ਼ ਕਰਨ ਲਈ ਹਰ ਹੀਲੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ | ਇਸ ਮੌਕੇ 'ਤੇ ਜ਼ਿਲ੍ਹਾ ਸਕੱਤਰ ਕਾਮਰੇਡ ਜਰਨੈਲ ਸਿੰਘ ਰਾਣੇਵਾਲ ਨੇ ਕਿਸਾਨ ਸਭਾ ਦੇ ਇਤਿਹਾਸ ਤੇ ਚਾਨਣਾ ਪਾਇਆ | ਇਸ ਮੌਕੇ ਰਣਜੀਤ ਸਿੰਘ, ਸਰਜੀਵਨ ਸਿੰਘ, ਹੁਸ਼ਿਆਰ ਸਿੰਘ, ਤੀਰਥ ਸਿੰਘ, ਬਲਵੀਰ ਸਿੰਘ, ਹਰਜਿੰਦਰ ਸਿੰਘ, ਸੁਮੇਲ ਸਿੰਘ, ਸੁਰਜੀਤ ਸਿੰਘ ਤੇ ਨਰਿੰਦਰ ਸਿੰਘ ਆਦਿ ਵੀ ਹਾਜ਼ਰ ਹੋਏ |