ਨਵਾਂਸ਼ਹਿਰ, 16 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਵਿਜੀਲੈਂਸ ਬਿਊਰੋ ਰੇਂਜ ਜਲੰਧਰ ਦੇ ਨਵਾਂਸ਼ਹਿਰ ਯੂਨਿਟ ਵਲੋਂ ਰਮਨ ਕੁਮਾਰ ਕਾਨੂੰਗੋਂ ਸਰਕਲ ਕਾਠਗੜ੍ਹ ਨੂੰ 80 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰਨ ਅਤੇ 33 ਹਜ਼ਾਰ ਬਤੌਰ ਰਿਸ਼ਵਤ ਹਾਸਲ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਥਾਣਾ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵਿਖੇ ਦਰਜ ਕੇਸ ਅਨੁਸਾਰ ਸ਼ਿਕਾਇਤ ਕਰਤਾ ਸੁਰਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰਾਮਗੜ੍ਹ (ਪਨਿਆਲੀ ਖ਼ੁਰਦ) ਥਾਣਾ ਕਾਠਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਵਿਭਾਗ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਦਿੱਤੀ ਦਰਖ਼ਾਸਤ ਮਾਣਯੋਗ ਅਦਾਲਤ ਵਲੋਂ ਸਰਕਲ ਕਾਠਗੜ੍ਹ ਦੇ ਕਾਨੂੰਗੋ ਰਮਨ ਕੁਮਾਰ ਨੂੰ ਮਾਰਕ ਹੋਈ ਸੀ | ਕਥਿਤ ਦੋਸ਼ੀ ਰਮਨ ਕੁਮਾਰ ਕਾਨੂੰਗੋ ਵੱਲੋਂ ਸ਼ਿਕਾਇਤ ਕਰਤਾ ਦੀ ਜ਼ਮੀਨ ਦੀ ਨਿਸ਼ਾਨਦੇਹੀ ਦੇ ਕੰਮ ਨੂੰ ਬਹੁਤ ਗੁੰਝਲਦਾਰ ਦੱਸ ਕੇ 80 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ | ਜਿਸ ਵਿਚੋਂ ਦੋਸ਼ੀ ਵੱਲੋਂ 33 ਹਜ਼ਾਰ ਰੁਪਏ (15 ਹਜ਼ਾਰ ਰੁਪਏ ਨਕਦ ਅਤੇ 18 ਹਜ਼ਾਰ ਰੁਪਏ ਆਨਲਾਈਨ ਭੁਗਤਾਨ ਰਾਹੀ) ਬਤੌਰ ਰਿਸ਼ਵਤ ਪ੍ਰਾਪਤ ਕਰ ਲਏ ਗਏ ਸਨ | ਪੰਜਾਬ ਸਰਕਾਰ ਵਲੋਂ ਭਿ੍ਸ਼ਟਾਚਾਰ ਨੂੰ ਰੋਕਣ ਲਈ ਸਥਾਪਿਤ ਕੀਤੀ ਗਈ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਪਰ ਸ਼ਿਕਾਇਤ ਕਰਤਾ ਸੁਰਿੰਦਰ ਸਿੰਘ ਵੱਲੋਂ ਰਮਨ ਕੁਮਾਰ ਕਾਨੂੰਗੋਂ ਖ਼ਿਲਾਫ਼ ਲਗਾਏ ਗਏ ਦੋਸ਼ਾਂ ਸਬੰਧੀ ਸ਼ਿਕਾਇਤ ਪਾ ਦਿੱਤੀ ਸੀ | ਸ਼ਿਕਾਇਤ ਕਰਤਾ ਵੱਲੋਂ ਕਥਿਤ ਦੋਸ਼ੀ ਦੀ ਰਿਸ਼ਵਤ ਸੰਬੰਧੀ ਕੀਤੀ ਗਈ ਆਡੀਓ ਰਿਕਾਰਡਿੰਗ, ਆਨਲਾਈਨ ਭੁਗਤਾਨ ਅਤੇ ਪੁਖ਼ਤਾ ਸਬੂਤਾਂ ਤੋਂ ਰਿਸ਼ਵਤ ਦੇ ਦੋਸ਼ ਸਾਬਤ ਹੁੰਦੇ ਪਾਏ ਗਏ ਸਨ | ਵਿਜੀਲੈਂਸ ਵਿਭਾਗ ਨੇ ਪ੍ਰਾਪਤ ਤੱਥਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਕੇ ਪੜਤਾਲ ਉਪਰੰਤ ਕਥਿਤ ਦੋਸ਼ੀ ਰਮਨ ਕੁਮਾਰ ਕਾਨੂੰਗੋ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸ ਮੌਕੇ ਵਿਜੀਲੈਂਸ ਵਿਭਾਗ ਦੇ ਲਖਵਿੰਦਰ ਸਿੰਘ ਔਜਲਾ ਡਿਪਟੀ ਸੁਪਰਡੈਂਟ ਪੁਲਿਸ ਵਿਜੀਲੈਂਸ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ, ਚਮਕੌਰ ਸਿੰਘ ਇੰਸਪੈਕਟਰ, ਅਮਰਜੀਤ ਸਿੰਘ ਅਤੇ ਹਰਿੰਦਰ ਸਿੰਘ ਦੋਵੇਂ ਏ.ਐੱਸ.ਆਈ, ਮਨੋਹਰ ਲਾਲ ਮੁਨਸ਼ੀ, ਅਰੁਨ ਚੇਚੀ ਤੇ ਜੁਝਾਰ ਸਿੰਘ ਸੀਨੀਅਰ ਕਾਂਸਟੇਬਲ ਵੀ ਹਾਜ਼ਰ ਸਨ |