ਸੜੋਆ, 17 ਅਪ੍ਰੈਲ (ਬਲਵਿੰਦਰ ਨਾਨੋਵਾਲੀਆ)-ਅਰਵਿੰਦ ਕੇਜਰਵਾਲ ਕੌਮੀ ਕਨਵੀਨਰ 'ਆਪ' ਅਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਪੰਜ ਗਰੰਟੀਆਂ ਦਿੱਤੀਆਂ ਗਈਆਂ ਸਨ, ਉਨ੍ਹਾਂ ਦੇ ਪੂਰਾ ਹੋਣ ਨਾਲ ਸੂਬੇ ਦੇ ਲੋਕਾਂ ਅੰਦਰ ਆਮ ਆਦਮੀ ਪਾਰਟੀ ਦੀ ਸਾਖ ਪਹਿਲਾਂ ਨਾਲੋਂ ਮਜਬੂਤ ਹੋਈ ਹੈ | ਇਹ ਵਿਚਾਰ ਬਿ੍ਗੇਡੀਅਰ ਰਾਜ ਕੁਮਾਰ ਚੇਅਰਮੈਨ ਗੁਜਰ ਵੈਲਫੇਅਰ ਬੋਰਡ ਪੰਜਾਬ ਸਰਕਾਰ ਨੇ ਕੰਢੀ ਖੇਤਰ ਦੇ ਵੱਖ-ਵੱਖ ਪਿੰਡਾਂ ਅੰਦਰ ਕਿਸਾਨਾਂ ਸਮੇਤ ਵੱਖ-ਵੱਖ ਵਰਗਾਂ ਦੀਆਂ ਸਮੱਸਿਆਵਾਂ ਸੁਣਨ ਸਮੇਂ ਪਿੰਡ ਚੰਦਿਆਣੀ ਖੁਰਦ ਵਿਖੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਗਈ | ਸੂਬੇ ਦੇ 65 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਆਸੀ ਦਖਲ ਅੰਦਾਜੀ ਅਤੇ ਬਿਨ੍ਹਾਂ ਕਿਸੇ ਰਿਸ਼ਵਤ ਤੋਂ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ | ਸਿੱਖਿਆ ਦੇ ਖੇਤਰ 'ਚ ਸੁਧਾਰ ਲਿਆਉਣ ਦੇ ਮਨੋਰਥ ਨਾਲ ਸਕੂਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਅਤੇ ਅਧਿਆਪਕਾਂ ਨੂੰ ਨਵੀਂ ਟੈਕਨਾਲੌਜੀ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ | ਉਨ੍ਹਾਂ ਦੱਸਿਆ ਕਿ ਸੂਬੇ ਦੇ ਹਰੇਕ ਪਰਿਵਾਰ ਨੂੰ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਦਾ ਬੀਮਾ ਕਾਰਡ ਪਿੰਡ ਪੱਧਰ 'ਤੇ ਬਣਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਿਹਤ ਸਹੂਲਤਾਂ ਵਿੱਚ ਸੁਧਾਰ ਲਿਆਉਣ ਲਈ ਹਾਲ ਹੀ ਵਿੱਚ ਵੱਡੀ ਪੱਧਰ 'ਤੇ ਮੈਡੀਕਲ ਅਫਸਰਾਂ ਦੀ ਨਿਯੁਕਤੀਆਂ ਅਤੇ ਨਵੇ ਮਹੱਲਾ ਕਲੀਨਿਕ ਖੋਲ੍ਹੇ ਗਏ | ਬਿ੍ਗੇਡੀਅਰ ਰਾਜ ਕੁਮਾਰ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਮਾਂਵਾਂ-ਧੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਐਸ.ਸੀ ਵਰਗ ਨਾਲ ਸਬੰਧਤ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਉਨ੍ਹਾਂ ਦੇ ਖਾਤਿਆਂ ਵਿੱਚ ਆਉਣੇ ਸ਼ੁਰੂ ਹੋ ਜਾਣਗੇ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸੂਬੇ ਦੇ ਵਿਕਾਸ ਲਈ ਨਿੱਤ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ | ਇਸੇ ਕਰਕੇ ਸੂਬੇ ਦੇ ਲੋਕੀਂ ਹੁਣ ਤੋਂ ਹੀ ਫਰਵਰੀ, 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਤੋਂ ਆਪ ਸਰਕਾਰ ਨੂੰ ਮੌਕਾ ਦੇਣ ਦਾ ਮਨ ਬਣਾ ਚੁੱਕੇ ਹਨ | ਇਸ ਮੌਕੇ ਉਨ੍ਹਾਂ ਪਾਰਟੀ ਵੱਖ-ਵੱਖ ਆਹੁਦੇਦਾਰ ਵੀ ਨਾਲ ਸਨ |