ਬੰਗਾ, 20 ਅਪ੍ਰੈਲ (ਧਰਮਵੀਰ ਪਾਲ)-ਥਾਣਾ ਸਦਰ ਬੰਗਾ ਵਲੋਂ ਹੈਰੋਇਨ ਦਾ ਸੇਵਨ ਕਰਦੇ ਇੱਕ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਥਾਣਾ ਸਦਰ ਬੰਗਾ ਦੇ ਐੱਸ. ਐੱਚ. ਓ. ਸਤਨਾਮ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸਤਨਾਮ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗਸ਼ਤ 'ਤੇ ਸਨ | ਜਦੋਂ ਉਹ ਆਦਰਸ਼ ਸਕੂਲ ਖਟਕੜ ਕਲਾਂ ਤੋਂ ਪਿੰਡ ਥਾਂਦੀਆਂ ਵੱਲ ਨੂੰ ਮੁੜੇ ਤਾਂ ਮੁਖ਼ਬਰ ਖ਼ਾਸ ਨੇ ਗੱਡੀ ਰੁਕਵਾ ਕੇ ਇਤਲਾਹ ਦਿੱਤੀ ਕਿ ਇੰਦਰਜੀਤ ਸਿੰਘ ਉਰਫ਼ ਇੰਦਰ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮਾਹਿਲ-ਗਹਿਲਾ ਜੋ ਹੈਰੋਇਨ ਪੀਣ ਦਾ ਆਦੀ ਹੈ, ਹੁਣ ਵੀ ਇਹ ਨੌਜਵਾਨ ਪਿੰਡ ਥਾਂਦੀਆਂ ਤੋਂ ਆਦਰਸ਼ ਸਕੂਲ ਨੂੰ ਜਾਂਦੀ ਸੜਕ ਕੋਲ ਮੋਟਰ 'ਤੇ ਬੈਠ ਕੇ ਹੈਰੋਇਨ ਪੀ ਰਿਹਾ ਹੈ | ਅਗਰ ਬਿਨਾ ਦੇਰੀ ਰੇਡ ਕੀਤਾ ਜਾਵੇ ਤਾਂ ਉਕਤ ਨੌਜਵਾਨ ਹੈਰੋਇਨ ਪੀਂਦੇ ਹੋਏ ਕਾਬੂ ਕੀਤਾ ਜਾ ਸਕਦਾ ਹੈ, ਜਿਸ 'ਤੇ ਸਮੇਤ ਕਰਮਚਾਰੀਆਂ ਮੁਖ਼ਬਰ ਵਲੋਂ ਦੱਸੀ ਜਗ੍ਹਾ 'ਤੇ ਰੇਡ ਕੀਤਾ ਤਾਂ ਇੱਕ ਨੌਜਵਾਨ ਸੜਕ ਦੇ ਕਿਨਾਰੇ ਮੋਟਰ 'ਤੇ ਬੈਠ ਕੇ ਹੈਰੋਇਨ ਪੀ ਰਿਹਾ ਸੀ | ਜਿਸਨੇ ਅਚਾਨਕ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਆਪਣੇ ਹੱਥ ਵਿੱਚ ਫੜੀ ਪੰਨੀ ਹੈਰੋਇਨ ਨਾਲ ਸੜੀ ਹੋਈ, ਲਾਈਟਰ ਅਤੇ ਇੱਕ 20 ਰੁਪਏ ਦਾ ਨੋਟ (ਪਾਈਪ ਨੁਮਾ) ਨੂੰ ਜ਼ਮੀਨ 'ਤੇ ਸੁੱਟ ਕੇ ਖੜ੍ਹਾ ਹੋ ਗਿਆ | ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਇੰਦਰਜੀਤ ਸਿੰਘ ਉਰਫ਼ ਇੰਦਰ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮਾਹਿਲ-ਗਹਿਲਾ ਥਾਣਾ ਸਦਰ ਬੰਗਾ ਦੱਸਿਆ | ਜਿਸ ਪਾਸੋਂ ਪੰਨੀ ਹੈਰੋਇਨ ਨਾਲ ਸੜੀ ਹੋਈ, ਲਾਈਟਰ ਅਤੇ ਇੱਕ 20 ਰੁਪਏ ਦਾ ਨੋਟ ਬਰਾਮਦ ਕਰਕੇ ਨਸ਼ਾ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ |