ਕਾਠਗੜ੍ਹ, 21 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਮੰਡੀਆਂ 'ਚ ਕਣਕ ਦੀ ਆਮਦ ਤੇਜ਼ ਹੋਣ ਕਾਰਨ ਖ਼ਰੀਦੀ ਹੋਈ ਕਣਕ ਦੀ ਲਿਫ਼ਟਿੰਗ ਨਾ ਕਰਨ ਕਰਕੇ ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ | ਕਾਠਗੜ੍ਹ ਦੀ ਮੰਡੀ 'ਚ ਜਾ ਕੇ ਦੇਖਿਆ ਗਿਆ ਕਿ ਖ਼ਰੀਦ ਏਜੰਸੀਆਂ ਵਲੋਂ ਕਣਕ ਤਾਂ ਬਹੁਤ ਜ਼ਿਆਦਾ ਖ਼ਰੀਦੀ ਗਈ, ਪਰ ਅਜੇ ਤੱਕ ਕਾਠਗੜ੍ਹ ਦੀ ਮੰਡੀ ਵਿਚੋਂ ਇਕ ਵੀ ਬੋਰੀ ਨਹੀਂ ਚੁੱਕੀ ਗਈ | ਵਰਨਣਯੋਗ ਹੈ ਕਿ ਕਾਠਗੜ੍ਹ ਮੰਡੀ ਜਿੱਥੇ ਇਸ ਇਲਾਕੇ ਦੀ ਸਭ ਤੋਂ ਜ਼ਿਆਦਾ ਕਣਕ ਆਉਂਦੀ ਹੈ | ਇਸ ਮੰਡੀ ਦਾ ਫੜ੍ਹ ਬਹੁਤ ਹੀ ਛੋਟਾ ਅਤੇ ਕੱਚਾ ਹੋਣ ਕਰਕੇ ਕਿਸਾਨਾਂ ਦੀ ਕਣਕ ਮਿੱਟੀ ਵਿਚ ਰੁੱਲਣ ਲਈ ਮਜਬੂਰ ਹੈ | ਸਭ ਤੋਂ ਦੁੱਖ ਦੀ ਗੱਲ ਹੈ ਪੱਕੇ ਫੜ੍ਹ ਵਿਚ ਤਾਂ ਸਿਰਫ਼ ਕਣਕ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਅਤੇ ਪੱਕੇ ਫੜ੍ਹ ਵਿੱਚ ਸਿਰਫ਼ ਏਜੰਸੀਆਂ ਵੱਲੋਂ ਖ਼ਰੀਦੀ ਕਣਕ ਦੇ ਅੰਬਾਰ ਦਿਖ ਰਹੇ ਹਨ ਫੜ੍ਹ 'ਤੇ ਏਜੰਸੀਆਂ ਦਾ ਹੀ ਕਬਜ਼ਾ ਨਜ਼ਰ ਆਉਂਦਾ ਹੈ | ਸੂਤਰਾਂ ਦੇ ਹਵਾਲੇ ਤੋਂ ਇਹ ਪਤਾ ਲੱਗਿਆ ਹੈ ਕਿ ਆੜ੍ਹਤੀਆਂ ਵਲੋਂ ਨਾਲ ਪਈ ਵਿਹਲੀ ਜਗ੍ਹਾ ਠੇਕੇ 'ਤੇ ਲੈ ਕੇ ਵੀ ਡੰਗ ਸਾਰਿਆਂ ਜਾ ਰਿਹਾ ਹੈ | ਕਿਸਾਨਾਂ ਨੂੰ ਕਣਕ ਮਿੱਟੀ ਵਿਚ ਰੱਖਣ ਲਈ ਮਜਬੂਰ ਅਤੇ ਬੇਵੱਸ ਹੋਣਾ ਪੈ ਰਿਹਾ ਹੈ | ਪਿਛਲੇ ਲੰਮੇ ਸਮੇਂ ਤੋਂ ਕਾਫ਼ੀ ਸਰਕਾਰਾਂ ਆਇਆ ਪਰ ਕਾਠਗੜ੍ਹ ਦੀ ਮੰਡੀ ਦਾ ਕਿਸੇ ਵੀ ਸਰਕਾਰ ਨੇ ਸੁਧਾਰ ਕਰਨ ਦੀ ਲੋੜ ਨਹੀਂ ਸਮਝੀ | ਇੱਥੇ ਦੱਸਣਾ ਬਣਦਾ ਹੈ ਜਦੋਂ ਕੋਈ ਵੀ ਨਵੀਂ ਫ਼ਸਲ ਮੰਡੀ ਵਿੱਚ ਆਉਣ ਦਾ ਸੀਜ਼ਨ ਹੁੰਦਾ ਹੈ, ਤਾਂ ਕਿਸਾਨਾਂ ਨੂੰ ਆਪਣੀ ਮੰਡੀ ਵਿੱਚ ਲਿਆਂਦੀ ਫ਼ਸਲ ਰੱਖਣ ਵੇਲੇ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜੋ ਅੱਜ ਦੇ ਤਾਜ਼ਾ ਹਾਲਤ ਹਨ ਮੰਡੀ ਵਿਚੋਂ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਫੜ੍ਹ ਬੋਰੀਆਂ ਨਾਲ ਭਰੇ ਪਏ ਹਨ, ਜਿਸ ਤੋਂ ਆੜ੍ਹਤੀ ਤੇ ਕਿਸਾਨ ਦੋਵੇਂ ਹੀ ਪ੍ਰੇਸ਼ਾਨ ਹਨ | ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜੇ ਮੌਸਮ ਖ਼ਰਾਬ ਹੋ ਗਿਆ ਤਾਂ ਫਿਰ ਤਾਂ ਕਿਸਾਨਾਂ ਦਾ ਰੱਬ ਹੀ ਰਾਖਾ ਹੈ | ਆੜ੍ਹਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖ਼ਰੀਦੀ ਹੋਈ ਕਣਕ ਨੂੰ ਜਲਦੀ ਚੁੱਕਿਆ ਜਾਵੇ ਤਾਂ ਜੋ ਨਵੀਂ ਕਣਕ ਲੈ ਕੇ ਆਉਂਦੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ |
ਕਾਠਗੜ੍ਹ ਦੀ ਦਾਣਾ ਮੰਡੀ 'ਚ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ
ਅਜੀਤ ਡੈਸਕ
22-04-2026