ਬਲਾਚੌਰ, 21 ਅਪ੍ਰੈਲ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਜੇਕਰ ਪੰਜਾਬ ਦੇ ਕਿਸਾਨਾਂ ਨੇ ਝੋਨਾ ਲਾਉਣਾ ਨਾ ਛੱਡਿਆ ਤਾਂ ਅਸੀਂ ਆਉਣ ਵਾਲੇ ਸਮੇਂ ਵਿਚ ਡਾਰਕ ਜ਼ੋਨ ਵਿੱਚ ਸ਼ਾਮਿਲ ਹੋ ਜਾਵਾਂਗੇ | ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਲੇਖ ਰਾਜ ਬੇਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਕਿਸਾਨਾਂ, ਜਿਨ੍ਹਾਂ ਨੇ ਝੋਨੇ ਦੀ ਫਸਲ ਨੂੰ ਤਿਆਗ ਕੇ ਮੱਕੀ ਦੀ ਫਸਲ ਲਾਉਣ ਨੂੰ ਪਹਿਲ ਦਿੱਤੀ ਹੈ ਲਈ ਬੀਜ, ਖਾਦ, ਨਦੀਨ ਨਾਸ਼ਕ ਆਦਿ ਖਰਚਾ ਪ੍ਰਤੀ ਹੈਕਟੇਅਰ 17500 ਰੁਪਏ ਪੰਜਾਬ ਸਰਕਾਰ ਵੱਲੋਂ ਸਹਾਇਤਾ ਵਜੋਂ ਦਿੱਤੇ ਜਾਣ ਬਾਰੇ ਦੱਸਿਆ | ਉਹ ਅੱਜ ਇੱਥੇ ਹੋਟਲ ਸਾਈ ਮਨੀ ਬਲਾਚੌਰ ਵਿਖੇ ਐਡਵਾਂਟਾ ਇੰਟਰਪ੍ਰਾਈਜਜ ਵੱਲੋਂ ਇਲਾਕੇ ਦੇ ਅਗਾਂਹ ਵਧੂ ਕਿਸਾਨਾਂ ਦੇ ਕਰਵਾਏ ਇੱਕ ਕਿਸਾਨ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ | ਇਸ ਮੌਕੇ ਐਡਵਾਂਟਾ ਇੰਡੀਆ ਦੇ ਉੱਚ ਅਧਿਕਾਰੀ ਡਾਕਟਰ ਵਿਵੇਕ ਸ਼ਰਮਾ ਨੇ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਵਿਚ ਭਾਰਤ ਸਰਕਾਰ ਵਲੋਂ ਈਥਾਨੋਲ ਦੀ 20 ਫ਼ੀਸਦੀ ਵਰਤੋਂ ਦੀ ਆਗਿਆ ਦਿੱਤੀ ਗਈ ਹੈ | ਈਥਾਨੋਲ ਮੱਕੀ ਵਿੱਚੋਂ ਸਭ ਤੋਂ ਵੱਧ ਪ੍ਰਾਪਤ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਐਡਵਾਂਟਾ ਇੰਟਰਪ੍ਰਾਈਜਜ ਨੇ ਝੋਨੇ ਦੇ ਬਦਲ ਵਜੋਂ ਮੱਕੀ ਦੀਆਂ ਕਿਸਮਾਂ ਪੀ.ਏ ਸੀ 741ਏ.ਡੀ.ਵੀ 765 ਲੰਬੇ ਸਮੇਂ ਦੀ ਖੋਜ ਉਪਰੰਤ ਮੰਡੀ ਵਿੱਚ ਲਿਆਂਦੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਐਡਵਾਂਟਾ ਦੇ ਇਨ੍ਹਾਂ ਬੀਜਾਂ ਨਾਲ ਜਿੱਥੇ ਕਿਸਾਨ ਦੀ ਆਰਥਿਕ ਹਾਲਤ ਵਿਚ ਮਜਬੂਤੀ ਆਵੇਗੀ ਉਥੇ ਵਾਤਾਵਰਣ ਦੀ ਸ਼ੁੱਧਤਾ ਲਈ ਵੀ ਸਹਾਈ ਹੋਣਗੇ | ਇਸ ਮੌਕੇ ਬੀਜ, ਕੀਟਨਾਸ਼ਕ ਅਤੇ ਖ਼ਾਦ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮਹਿੰਦਰਪਾਲ ਸਿੰਘ ਖਾਲਸਾ ਨੇ ਕਿਸਾਨਾਂ, ਖੇਤੀ ਵਿਗਿਆਨੀਆਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਵਿਗਿਆਨੀਆਂ ਦੀਆਂ ਇਹ ਨਵੀਨਤਨ ਖੋਜਾਂ ਜਿਥੇ ਪੰਜਾਬ ਨੂੰ ਮਾਰੂਥਲ ਹੋਣ ਤੋਂ ਬਚਾਉਣਗੀਆਂ ਉੱਥੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਵੀ ਹੁਲਾਰਾ ਦੇਣਗੀਆਂ | ਇਸ ਮੌਕੇ ਖੇਤੀਬਾੜੀ ਅਧਿਕਾਰੀ ਬਲਾਚੌਰ ਡਾਕਟਰ ਰਾਜ ਕੁਮਾਰ, ਕੰਪਨੀ ਦੇ ਖੇਤਰੀ ਅਧਿਕਾਰੀ ਅਸ਼ਵਨੀ ਕੁਮਾਰ ਨਵਾਂਸ਼ਹਿਰ, ਅਭੀਸੇਕ ਰਾਣਾ, ਦੀਦਾਰ ਸਿੰਘ ਸ਼ੇਤਰਾ, ਮਨਜੀਤ ਸਿੰਘ ਫਿਰਨੀ ਮਜਾਰਾ, ਚਰਨਜੀਤ ਸਿੰਘ ਗੜ੍ਹੀ ਕਾਨੂੰਗੋ, ਜਰਮਨ ਸਿੰਘ ਜਾਡਲਾ, ਮਨਜੀਤ ਸਿੰਘ ਫਿਰਨੀ ਮਜਾਰਾ, ਬਲਵੀਰ ਸਿੰਘ ਮਜਾਰੀ, ਸੱਤ ਪਾਲ ਭੂੰਬਲਾ ਕਾਠਗੜ੍ਹ, ਬਿੱਕਰ ਸਿੰਘ ਕੁੱਲੇਵਾਲ, ਹਰਕੰਵਲ ਸਿੰਘ ਕੌਲਗੜ੍ਹ, ਹਰੀਸ਼ ਕੁਮਾਰ ਛਾਬੜਾ ਬਲਾਚੌਰ, ਹੈਪੀ ਰਾਣਾ ਬਲਾਚੌਰ, ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |