ਨਵਾਂਸ਼ਹਿਰ, 21 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਅੱਗ ਲੱਗਣ ਨਾਲ ਪਿੰਡ ਜੰਡਿਆਲਾ, ਲਾਦੀਆਂ, ਸੱਲ੍ਹਾਂ ਲਾਗੇ ਹੋਏ 250 ਏਕੜ ਕਣਕ ਦੀ ਫ਼ਸਲ ਦੇ ਨੁਕਸਾਨ ਦੀ ਭਰਭਾਈ ਨੂੰ ਪੂਰਾ ਕਰਨ ਲਈ ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਦੀ ਅਗਵਾਈ 'ਚ ਇਕ ਵਫ਼ਦ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੂੰ ਮਿਲਿਆ | ਡਾਕਟਰ ਸੁੱਖੀ ਨੇ ਆਖਿਆ ਕਿ 'ਆਪ' ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਉਹਨਾਂ ਆਖਿਆ ਕਿ ਜੋ ਵੀ ਕਿਸਾਨਾਂ ਦਾ ਅੱਗ ਲੱਗਣ ਨਾਲ ਨੁਕਸਾਨ ਹੋਇਆ ਹੈ ਉਸ ਲਈ ਪੰਜਾਬ ਸਰਕਾਰ ਤੋਂ ਮੰਗ ਕਰਕੇ ਹਰ ਕਿਸਾਨ ਨੂੰ ਯੋਗ ਮੁਆਵਜ਼ਾ ਦਵਾਇਆ ਜਾਵੇਗਾ | ਕਿਸਾਨਾਂ ਨੇ ਮੰਗ ਕੀਤੀ ਕਿ ਜੋ ਉਨ੍ਹਾਂ ਦੀ ਫਸਲ ਅੱਗ ਦੀ ਭੇਟ ਚੜ੍ਹ ਗਈ ਹੈ ਉਸ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਦੀ ਜਲਦੀ ਹੀ ਗਿਰਦਾਵਰੀ ਕਰਵਾਈ ਜਾਵੇ | ਡਿਪਟੀ ਕਮਿਸ਼ਨਰ ਨੇ ਭਰੋਸਾ ਦਵਾਇਆ ਕਿ ਜੋ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਭਾਈ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਬਚਨਵਧ ਹੈ | ਇਸ ਮੌਕੇ 'ਤੇ ਉਨਾਂ ਨਾਲ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ ਬੰਗਾ, ਦਿਨੇਸ਼ ਸੂਰੀ ਸੀਨੀਅਰ ਆਗੂ, ਚਰਨਜੀਤ ਸਿੰਘ ਗਹਿਲ ਮਜਾਰੀ ਅਤੇ ਵੱਖ ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ |