ਨਵਾਂਸ਼ਹਿਰ, 21 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਕਿਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਦੀ ਅਗਵਾਈ ਵਿਚ ਇਕ ਡੈਪੂਟੇਸ਼ਨ ਕੋਆਪਰੇਟਿਵ ਸੁਸਾਇਟੀਆਂ ਵਿਚ ਯੂਰੀਆ ਖਾਦ ਦੀ ਕਿੱਲਤ ਨੂੰ ਲੈ ਕੇ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਬਲਜਿੰਦਰ ਸਿੰਘ ਨੂੰ ਮਿਲਿਆ | ਆਗੂਆਂ ਨੇ ਕਿਹਾ ਕਿ ਜਦੋਂ ਮੱਕੀ, ਕਮਾਦ ਅਤੇ ਹੋਰ ਫ਼ਸਲਾਂ ਨੂੰ ਖਾਦ ਦੀ ਸਖ਼ਤ ਲੋੜ ਹੈ ਤਾਂ ਜਾਣਬੁੱਝ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਖਾਦ ਦੀ ਕਿੱਲਤ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਸੈਕਟਰ ਚੋਂ ਬਾਹਰ ਕੱਢਣ ਦੀ ਸਾਜ਼ਿਸ਼ ਦਾ ਹਿੱਸਾ ਹੀ ਹੈ | ਜ਼ਿਲ੍ਹਾ ਮੈਨੇਜਰ ਨੇ ਖਾਦ ਦੀ ਕਿੱਲਤ ਨੂੰ ਦੂਰ ਕਰਨ ਵਿਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਅਤੇ ਖਾਦ ਦੇ ਹੋਰ ਟਰੈਕ ਭੇਜਣ ਲਈ ਪਰੋਪੋਸਲ ਬਣਾ ਕੇ ਭੇਜਣ ਦਾ ਭਰੋਸਾ ਦਿੱਤਾ | ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਖਾਦ ਦਾ ਢੁਕਵਾਂ ਪ੍ਰਬੰਧ ਨਹੀਂ ਕੀਤਾ ਜਾਂਦਾ ਅਤੇ ਲੋੜੀਂਦੀ ਖਾਦ ਸੁਸਾਇਟੀਆਂ ਨੂੰ ਨਹੀਂ ਦਿੱਤੀ ਜਾਂਦੀ ਤਾਂ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ | ਵਫ਼ਦ ਵਿੱਚ ਔੜ ਦੇ ਇਲਾਕਾ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ, ਜੀਵਨ ਦਾਸ ਬੇਗੋਵਾਲ, ਅਵਤਾਰ ਸਿੰਘ ਸਕੋਹਪੁਰ, ਤੇਲੂ ਸਿੰਘ ਸਕੋਹਪੁਰ, ਪ੍ਰਸ਼ੋਤਮ ਸਿੰਘ ਪ੍ਰਧਾਨ ਕੋਪ੍ਰੇਟਿਵ ਸੋਸਾਇਟੀ ਘਟਾਰੋਂ, ਕੁਲਦੀਪ ਸਿੰਘ ਸੈਕਟਰੀ, ਜੋਗਿੰਦਰ ਸਿੰਘ ਘਟਾਰੋਂ, ਬਲਕਾਰ ਸਿੰਘ ਅਤੇ ਤਰਲੋਕ ਸਿੰਘ ਘਟਾਰੋਂ ਸ਼ਾਮਲ ਸਨ |