ਬੰਗਾ, 21 ਅਪ੍ਰੈਲ (ਕਰਮ ਲਧਾਣਾ) - ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੀ ਮਦਦ ਕਰਨਾ ਸਾਡਾ ਇਖਲਾਕੀ ਫਰਜ਼ ਹੈ | ਇਸ ਦੇ ਨਾਲ ਜਿੱਥੇ ਗਰੀਬ-ਲੋੜਵੰਦ ਲੋਕਾਂ ਦੀਆਂ ਅਸੀਸਾਂ ਪ੍ਰਾਪਤ ਹੁੰਦੀਆਂ ਹਨ ਉੱਥੇ ਸੱਚਾ ਪ੍ਰਮਾਤਮਾ ਵੀ ਸੁੱਖਾਂ ਦੇ ਖਜ਼ਾਨੇ ਬਖਸ਼ਦਾ ਹੈ | ਇਕ ਪੱਤਰਕਾਰ ਸੰਮੇਲਨ ਵਿੱਚ ਇਹ ਵਿਚਾਰ ਉੱਘੇ ਸਮਾਜ ਸੇਵੀ ਅਮਰਜੀਤ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਨੇ ਪ੍ਰਗਟਾਏ | ਉਨ੍ਹਾਂ ਭਾਰੀ ਆਤਮਿਕ ਦੁੱਖ ਪ੍ਰਗਟਾਉਂਦਿਆਂ ਅੱਗੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਮਹਿਕਮਿਆਂ ਦੇ ਦਫ਼ਤਰਾਂ 'ਚ ਵੀ ਕਈ ਅਜੇਹੇ ਅਧਿਕਾਰੀ ਹਨ ਜਿਨ੍ਹਾਂ ਦੇ ਮਨਾਂ ਵਿੱਚ ਦੂਜੇ ਲੋੜਵੰਦ ਲੋਕਾਂ ਲਈ ਦਇਆ ਭਾਵਨਾ ਦੀ ਘਾਟ ਨਜ਼ਰ ਆਉਂਦੀ ਹੈ | ਜਿਸ ਪ੍ਰਮਾਤਮਾ ਨੇ ਉਨ੍ਹਾਂ ਨੂੰ ਉੱਚੇ ਅਹੁਦੇ ਬਖਸ਼ੇ ਹਨ ਉਸਦੇ ਘੜੇ ਬੰਦਿਆਂ ਪ੍ਰਤੀ ਉਨ੍ਹਾਂ ਦੇ ਅੰਦਰ ਦਯਾ ਭਾਵ ਨਹੀ ਹੈ | ਕਈ ਅਜੇਹੇ ਕੰਮ ਹੁੰਦੇ ਹਨ ਉਹ ਗਰੀਬ ਬੰਦਿਆਂ ਦੀ ਮਦਦ ਕਰ ਸਕਦੇ ਹਨ | ਪਰ ਅਜੇਹਾ ਨਹੀ ਹੁੰਦਾ | ਉਨ੍ਹਾਂ ਕਿਹਾ ਕਿ ਜਰੂਰੀ ਨਹੀਂ ਕਿਸੇ ਧਾਰਮਿਕ ਅਸਥਾਨ 'ਤੇ ਜਾ ਕੇ ਹੀ ਰੱਬ ਨੂੰ ਮਨਾਇਆ ਜਾ ਸਕਦਾ ਹੈ ਸਗੋਂ ਅਗਰ ਅਸੀਂ ਗਰੀਬੀ ਵਿੱਚ ਜਿੱਲਤ ਭਰੀ ਜਿੰਦਗੀ ਜਿਊਣ ਵਾਲੇ ਲੋਕਾਂ ਦੀ ਮਦਦ ਕਰਾਂਗੇ ਤਾਂ ਰੱਬ ਆਪਣੇ ਮਿਲਾਪ ਦਾ ਸੁੱਖ ਬਖਸ਼ਦਾ ਹੈ |