ਬਲਾਚੌਰ, 21 ਅਪ੍ਰੈਲ (ਨਰੇਸ਼ ਧੌਲ)-ਬਲਾਕ ਬਲਾਚੌਰ ਦੇ ਪਿੰਡ ਜਾਡਲੀ ਵਿਖੇ ਗ੍ਰਾਮ ਪੰਚਾਇਤ ਵਲੋਂ ਗਿੱਲੇ ਅਤੇ ਸੁੱਕੇ ਕੂੜੇ ਦਾ ਡੰਪ ਘਰਾਂ ਦੇ ਨੇੜੇ ਬਣਾਉਣ ਦੀ ਤਜਵੀਜ ਨੂੰ ਬਦਲਕੇ ਪਿੰਡ ਦੀ ਆਬਾਦੀ ਤੋਂ ਦੂਰ ਬਣਾਉਣ ਲਈ ਨਗਰ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬਲਾਚੌਰ ਨੂੰ ਜਾਡਲੀ ਵਾਸੀ ਬਲਵੀਰ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਦਰਖਾਸਤਾਂ ਦਿੱਤੀਆਂ ਹਨ | ਬਲਾਚੌਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਸਦੇ ਰਿਹਾਇਸ਼ੀ ਘਰ ਦੇ ਨਾਲ ਢੇਰਾਂ ਵਾਲੀ ਥਾਂ 'ਤੇ ਡੰਪ ਬਣ ਜਾਣ ਕਾਰਨ ਗੰਭੀਰ ਬਦਬੂ ਫੈਲਣ, ਮੱਖੀਆਂ ਮੱਛਰ ਆਦਿ ਪੈਦਾ ਹੋ ਜਾਣ ਨਾਲ ਉਸਦਾ ਪਰਿਵਾਰ ਬਿਮਾਰੀਆਂ ਦੀ ਲਪੇਟ ਵਿੱਚ ਆ ਸਕਦਾ ਹੈ | ਇਸ ਲਈ ਪੰਚਾਇਤ ਨੂੰ ਡੰਪ ਆਬਾਦੀ ਤੋਂ ਦੂਰ ਪੰਚਾਇਤੀ ਥਾਂ ਵਿੱਚ ਬਣਾਏ ਜਾਣ ਲਈ ਆਦੇਸ਼ ਦਿੱਤੇ ਜਾਣ | ਬਲਵੀਰ ਸਿੰਘ ਦੇ ਦੱਸਣ ਅਨੁਸਾਰ ਉਸਦੇ ਘਰ ਦੇ ਨਾਲ ਹੀ ਉਸਦਾ ਮੁਹੱਲਾ, ਪਿੰਡ ਅਤੇ ਨੇੜੇ ਹੀ ਪੈਂਦੇ ਸਰਕਾਰੀ ਸਕੂਲ ਦੇ ਬੱਚੇ ਅਤੇ ਅਧਿਆਪਕ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ | ਇਸ ਲਈ ਉਸ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਹੁਣੇ ਹੀ ਹੱਲ ਕਰਵਾਉਣ ਦੀ ਮੰਗ ਕੀਤੀ ਗਈ ਹੈ |