ਕਟਾਰੀਆਂ, 21 ਅਪ੍ਰੈਲ (ਪ੍ਰੇਮੀ ਸੰਧਵਾਂ) - ਪੰਜਾਬ 'ਚ ਆਏ ਦਿਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਮਾਂਵਾਂ ਦੇ ਗੱਭਰੂਆਂ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਾਂਗਰਸੀ ਤੇ ਕਿਸਾਨ ਆਗੂ ਪਹਿਲਵਾਨ ਸਤਨਾਮ ਸਿੰਘ ਲਾਦੀਆਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਕਿ ਸਮੇਂ- ਸਮੇਂ ਦੀਆਂ ਸੂਬਾ ਸਰਕਾਰਾਂ ਨਸ਼ਿਆਂ ਦੇ ਖਾਤਮੇ ਲਈ ਵੱਡੇ-ਵੱਡੇ ਯਤਨ ਕਰਦੀਆਂ ਹਨ | ਪਰ ਫੇਰ ਵੀ ਪੰਜਾਬ ਦੀ ਜਵਾਨੀ ਦੇ ਵੈਰੀ ਚੋਰੀ ਮੋਰੀਆਂ ਰਾਹੀਂ ਨਸ਼ੇ ਦਾ ਧੰਦਾ ਕਰਕੇ ਜਵਾਨੀ ਨੂੰ ਕੁਰਾਹੇ ਪਾਉਣ ਲਈ ਕੋਈ ਕਸਰ ਨਹੀਂ ਛੱਡਦੇ ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੇਲੇ ਦੁਨੀਆ ਦੇ ਨਕਸ਼ੇ 'ਤੇ ਪੰਜਾਬ ਨੂੰ ਸੋਨੇ ਦੀ ਚਿੜੀ ਸਮਝਿਆ ਜਾਂਦਾ ਸੀ | ਪਰ ਹੁਣ ਨਸ਼ਿਆਂ ਦਾ ਗੜ੍ਹ ਕਹਿਣਾ ਬੜੇ ਦੁੱਖ ਦੀ ਗੱਲ ਹੈ | ਕਿਸਾਨ ਆਗੂ ਪਹਿਲਵਾਨ ਸਤਨਾਮ ਸਿੰਘ ਲਾਦੀਆਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਦੀ ਕੋਹੜ ਰੂਪੀ ਬਿਮਾਰੀ ਤੋਂ ਦੂਰ ਰਹਿਣ | ਜਿਸ ਨਾਲ ਉਨ੍ਹਾਂ ਦਾ ਨਰਕ ਬਣਿਆ ਜੀਵਨ ਮੁੜ ਸਵਰਗ ਬਣ ਜਾਵੇਗਾ |