ਨਵਾਂਸ਼ਹਿਰ, 21 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਦੀ ਖ਼ੂਬਸੂਰਤੀ ਵਿੱਚ ਐਨ.ਆਰ.ਆਈ ਅਤੇ ਸਵੈਇੱਛਕ ਦਾਨੀਆਂ ਦਾ ਬਹੁਤ ਵੱਡਾ ਹੱਥ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਕੂਲ ਮੁਖੀ ਰਵਨੀਤ ਕੌਰ ਨੇ ਕਿਹਾ ਕਿ ਨੰਬਰਦਾਰ ਕਸ਼ਮੀਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਸਕੂਲ ਦੀ ਬਾਂਹ ਫੜੀ ਹੈ | ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਚੂਹੜਪੁਰ ਦੇ ਵਿਦਿਆਰਥੀਆਂ ਨੂੰ ਲੰਬੜਦਾਰ ਕਸ਼ਮੀਰ ਸਿੰਘ ਦੇ ਪਰਿਵਾਰ ਵੱਲੋਂ ਗਰਮੀਆਂ ਦੀਆਂ ਵਰਦੀਆਂ ਵੰਡੇ ਜਾਣ ਸਮੇਂ ਕੀਤੇ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ | ਸਕੂਲ ਮੁਖੀ ਰਵਨੀਤ ਕੌਰ ਅਤੇ ਹੈੱਡਮਾਸਟਰ ਰਾਮ ਲਾਲ ਸਟੇਟ ਐਵਾਰਡੀ ਨੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਉਹਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਜਿਨ੍ਹਾਂ ਨੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕੀਤੀਆਂ, ਉਹਨਾਂ ਨੂੰ ਨਕਦ ਇਨਾਮ ਵਾਲੇ ਪੁਰਸਕਾਰ ਵੀ ਦਿੱਤੇ ਗਏ | ਇਸ ਮੌਕੇ ਮੱਖਣ ਸਿੰਘ, ਕਰਨੈਲ ਚੰਦ, ਸੀਮਾ ਰਾਣੀ, ਕਮਲਜੀਤ, ਰਾਜਦੀਪ, ਸੰਦੀਪ ਰਾਣੀ, ਬਿਮਲਾ, ਮੀਨਾ ਅਤੇ ਬਬੀਤਾ ਆਦਿ ਹਾਜ਼ਰ ਸਨ |