ਅੱਡਾ ਸਰਾਂ , 23 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ 'ਚ ਵਿਸ਼ਵ ਧਰਤੀ ਦਿਵਸ ਤੇ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ-ਚੜ੍ਹ ਕੇ ਭਾਗ ਲਿਆ ਅਤੇ ਦੋਹਾਂ ਦਿਨਾਂ ਦੀ ਮਹੱਤਤਾ ਨੂੰ ਸਮਝਿਆ | ਇਹ ਸਮਾਗਮ ਸਕੂਲ ਦੇ ਡਾਇਰੈਕਟਰ ਜੀ. ਐੱਸ. ਮੁਲਤਾਨੀ, ਨੀਰੂ ਮੁਲਤਾਨੀ ਅਤੇ ਪਿ੍ੰਸੀਪਲ ਪੂਜਾ ਪਟਿਆਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਇਆ ਗਿਆ | ਵਿਸ਼ਵ ਧਰਤੀ ਦਿਵਸ ਦੇ ਮੌਕੇ ਸਵੇਰੇ ਦੀ ਸਭਾ ਦੌਰਾਨ ਪਿ੍ੰਸੀਪਲ ਪੂਜਾ ਪਟਿਆਲ ਵਲੋਂ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਾਤਾਵਰਨ ਦੀ ਸੰਭਾਲ ਲਈ ਸ਼ਪਥ ਦਿਵਾਈ ਗਈ, ਜਿਸ ਵਿਚ ਸਭ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਕਲਾਸ ਪਹਿਲੀ ਦੇ ਵਿਦਿਆਰਥੀਆਂ ਨੇ ਪੱਤਿਆਂ ਅਤੇ ਟਹਿਣੀਆਂ ਦੀ ਵਰਤੋਂ ਕਰਕੇ ਸੁੰਦਰ ਦਰੱਖਤ ਬਣਾਉਣ ਦੀ ਗਤੀਵਿਧੀ ਵਿਚ ਭਾਗ ਲਿਆ, ਜਿਸ ਰਾਹੀਂ ਉਨ੍ਹਾਂ ਨੇ ਪ੍ਰਕਿ੍ਤੀ ਪ੍ਰਤੀ ਆਪਣਾ ਪਿਆਰ ਦਰਸਾਇਆ | ਜਦਕਿ ਕਲਾਸ ਅੱਠਵੀਂ ਦੇ ਵਿਦਿਆਰਥੀਆਂ ਨੇ ਪਲਾਸਟਿਕ ਬੋਤਲਾਂ ਦਾ ਦੁਬਾਰਾ ਇਸਤੇਮਾਲ ਕਰਦੇ ਹੋਏ ਪੌਦੇ ਤਿਆਰ ਕੀਤੇ ਅਤੇ ਰੀਸਾਈਕਲਿੰਗ ਦਾ ਸੁਨੇਹਾ ਦਿੱਤਾ | ਸਕੂਲ ਕੈਂਪਸ ਵਿਚ ਪੌਦੇ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ, ਜਿਸ ਵਿਚ ਪਿ੍ੰਸੀਪਲ ਅਤੇ ਵਿਦਿਆਰਥੀਆਂ ਨੇ ਮਿਲ ਕੇ ਪੌਦੇ ਲਗਾਏ ਅਤੇ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੱਤਾ | ਵਿਦਿਆਰਥੀਆਂ ਵਲੋਂ ਧਰਤੀ ਦਿਵਸ ਦੀ ਮਹੱਤਤਾ ਬਾਰੇ ਪ੍ਰਭਾਵਸ਼ਾਲੀ ਭਾਸ਼ਣ ਵੀ ਪੇਸ਼ ਕੀਤੇ ਗਏ | ਕਲਾਸ ਪਹਿਲੀ ਦੀ ਇਕ ਵਿਦਿਆਰਥਣ ਨੇ ਖ਼ਾਸ ਵੇਸ-ਭੂਸ਼ਾ ਰਾਹੀਂ ਰੁੱਖਾਂ ਦੀ ਮਹੱਤਤਾ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ | ਵਿਸ਼ਵ ਪੁਸਤਕ ਦਿਵਸ ਦੇ ਮੌਕੇ ਵੀ ਕਈ ਦਿਲਚਸਪ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਦਿਨ ਦਾ ਮੁੱਖ ਆਕਰਸ਼ਣ 'ਡਰਾਪ ਐਵਰੀਥਿੰਗ ਐਂਡ ਰੀਡ' ਗਤੀਵਿਧੀ ਰਹੀ | ਵਿਦਿਆਰਥੀਆਂ ਅਤੇ ਸਟਾਫ਼ ਨੇ ਆਪਣੀਆਂ-ਆਪਣੀਆਂ ਕਿਤਾਬਾਂ ਦਾ ਸ਼ਾਂਤੀਪੂਰਵਕ ਪਾਠ ਸ਼ੁਰੂ ਕੀਤਾ, ਜਿਸ ਨਾਲ ਪੂਰੇ ਕੈਂਪਸ ਵਿਚ ਗਿਆਨਮਈ ਅਤੇ ਸਕਾਰਾਤਮਿਕ ਮਾਹੌਲ ਬਣ ਗਿਆ | ਸਵੇਰੇ ਦੀ ਸਭਾ ਦੌਰਾਨ ਵਿਦਿਆਰਥੀਆਂ ਨੇ ਪੁਸਤਕ ਦਿਵਸ ਦੀ ਮਹੱਤਤਾ ਅਤੇ ਜੀਵਨ ਵਿਚ ਕਿਤਾਬਾਂ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰੇਰਨਾਦਾਇਕ ਅਤੇ ਲਾਭਦਾਇਕ ਕਿਤਾਬਾਂ ਨਾਲ ਵੀ ਜਾਣੂ ਕਰਵਾਇਆ ਗਿਆ | ਇਸ ਮੌਕੇ ਸਕੂਲ ਦੀ ਕੋਆਰਡੀਨੇਟਰ ਵਨਿਤਾ ਬਲੌਰਿਆ, ਸੁਜਾਤਾ ਛਾਬੜਾ, ਅਮਨੀਤ ਸੈਣੀ ਤੇ ਅਮਨਪ੍ਰੀਤ ਕੌਰ ਸਮੇਤ ਸਮੂਹ ਸਟਾਫ਼ ਮੌਜੂਦ ਸੀ |