ਕਟਾਰੀਆਂ, 27 ਅਪ੍ਰੈਲ (ਪ੍ਰੇਮੀ ਸੰਧਵਾਂ)-ਕਿਸਾਨ ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਦੇ ਸਮੇਂ ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਨੇ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਜਿਸ ਕਾਰਨ ਲੋਕ 'ਆਪ' ਸਰਕਾਰ ਤੋਂ ਖਫਾ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਗਰਮੀ ਦਾ ਸੀਜਨ ਸ਼ੁਰੂ ਹੁੰਦਿਆਂ ਹੀ ਬਿਜਲੀ ਸਪਲਾਈ ਦਾ ਐਨਾ ਮਾੜਾ ਹਾਲ ਹੈ | ਪਰ ਜਦੋਂ ਜੇਠ ਹਾੜ੍ਹ ਦੀਆਂ ਕੜਕਦੀਆਂ ਧੁੱਪਾਂ ਨਾਲ ਗਰਮੀ ਦਾ ਸੀਜਨ ਆਪਣੇ ਜੋਬਨ 'ਤੇ ਪਹੁੰਚਿਆ ਤਾਂ ਲੋਕਾਂ ਦਾ ਰੱਬ ਹੀ ਰਾਖਾ ਹੋਵੇਗਾ | ਕਿਉਂਕਿ ਜਦੋਂ ਸਰਕਾਰ ਗਰਮੀ ਦਾ ਸੀਜਨ ਸ਼ੁਰੂ ਹੁੰਦਿਆਂ ਹੀ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਨਹੀਂ ਦੇ ਰਹੀ, ਉਦੋਂ ਸਰਕਾਰ ਲੋਕਾਂ ਨੂੰ ਗਰਮੀ ਦੇ ਭਰ ਸੀਜਨ 'ਚ ਬਿਜਲੀ ਦੀ ਨਿਰਵਿਘਨ ਸਪਲਾਈ ਕਿਵੇਂ ਦੇਵੇਗੀ | ਕਿਸਾਨ ਆਗੂ ਕਮਲਜੀਤ ਬੰਗਾ ਨੇ ਕਿਹਾ ਕਿ ਪੰਜਾਬ ਵਿੱਚ ਬਦਲਾਅ ਲਿਆਉਣ ਵਾਲੀ ਸਰਕਾਰ ਨੇ ਕੋਈ ਹੋਰ ਬਦਲਾਅ ਤਾਂ ਕੀ ਲਿਆਉਣਾ ਸੀ ਸਗੋਂ ਬਿਜਲੀ ਦੇ ਕੱਟਾਂ ਵਿੱਚ ਵਾਧਾ ਕਰਕੇ ਨਵਾਂ ਬਦਲਾਅ ਲਿਆਉਣਾ ਕੋਈ ਗਲਤ ਨਹੀਂ ਹੋਵੇਗਾ | ਕਿਸਾਨ ਆਗੂ ਕਮਲਜੀਤ ਬੰਗਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਬਿਜਲੀ ਦੇ ਕੱਟ ਲੱਗਣੇ ਬੰਦ ਨਾ ਹੋਏ ਤੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨਾ ਦਿੱਤੀ ਤਾਂ ਕਾਂਗਰਸ ਪਾਰਟੀ ਆਪ ਸਰਕਾਰ ਵਿਰੁੱਧ ਸੰਘਰਸ਼ ਕਰਨ ਨੂੰ ਮਜ਼ਬੂਰ ਹੋਵੇਗੀ |