ਮਜਾਰੀ/ਸਾਹਿਬਾ, 4 ਮਈ (ਨਿਰਮਲਜੀਤ ਸਿੰਘ ਚਾਹਲ)-ਦੀ ਰੈਵੀਨਿਊ ਸੇਵਾ ਮੁਕਤ ਕਾਨੂੰਗੋ/ਪਟਵਾਰੀ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਜਾਡਲੀ ਨੇ ਕਿਹਾ ਕਿ ਸੇਵਾ ਮੁਕਤ ਮੁਲਾਜ਼ਮਾਂ ਨੂੰ ਅਜੇ ਤੱਕ ਅਪ੍ਰੈਲ ਮਹੀਨੇ ਦੀ ਪੈਨਸ਼ਨ ਨਾ ਮਿਲਣ ਕਾਰਨ ਪ੍ਰੇਸ਼ਾਨੀ ਦੇ ਆਲਮ 'ਚੋਂ ਲੰਘਣਾ ਪੈ ਰਿਹਾ ਹੈ | ਸਰਕਾਰ ਨੇ ਮੁਲਾਜ਼ਮਾਂ ਨੂੰ ਡੀ. ਏ. ਦੇਣ ਲਈ ਹਾਈ ਕੋਰਟ ਚੰਡੀਗੜ੍ਹ ਦੇ ਹੁਕਮਾਂ ਦੀ ਸਰਕਾਰ ਨੇ ਪਾਲਣਾ ਤਾਂ ਕੀ ਕਰਨੀ ਹੈ, 04 ਡੀ. ਏ. ਜਾਰੀ ਨਾ ਕਰਨ 'ਤੇ ਪੂਰਾ ਜ਼ੋਰ ਲਗਾਇਆ ਹੋਇਆ ਹੈ | ਉਨ੍ਹਾਂ ਕਿਹਾ ਕਿ ਅੱਜ ਤੱਕ ਹਰੇਕ ਸਰਕਾਰ ਵਲੋਂ ਮੁਲਾਜ਼ਮਾਂ ਦੀ ਪੈਨਸ਼ਨ ਪਹਿਲੀ ਤਰੀਕ ਨੂੰ ਖਾਤਿਆਂ ਵਿਚ ਪਾ ਦਿੱਤੀ ਜਾਂਦੀ ਰਹੀ ਹੈ | ਪਰ ਹੁਣ ਇਸ ਪੰਜਾਬ ਦੀ ਸਰਕਾਰ ਨੇ ਅਪ੍ਰੈਲ ਮਹੀਨੇ ਦੀ ਪੈਨਸ਼ਨ ਅਜੇ ਤੱਕ ਜਾਰੀ ਨਾ ਕਰਕੇ ਇਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ | ਜਾਡਲੀ ਨੇ ਕਿਹਾ ਕਿ ਦੇਸ਼ ਅਜ਼ਾਦ ਹੋਣ ਤਾਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਮੁਲਾਜ਼ਮਾਂ ਨੂੰ ਪੈਨਸ਼ਨ ਨਾ ਮਿਲੀ ਹੋਵੇ | ਮੁਲਾਜ਼ਮਾਂ ਨੂੰ ਪੈਨਸ਼ਨ ਨਾ ਮਿਲਣ ਕਰਕੇ ਮੁਲਾਜ਼ਮਾਂ ਵਿਚ ਹਾਹਾਕਾਰ ਮੱਚ ਗਈ ਹੈ | ਗੁਰਦੀਪ ਸਿੰਘ ਕੂਕਾ ਮੈਂਬਰ ਪੰਜਾਬ, ਰਾਜਿੰਦਰ ਸਿੰਘ ਬੰਗਾ ਸੀਨੀਅਰ ਵਾਈਸ ਪ੍ਰਧਾਨ, ਹਰੀਕਿ੍ਸ਼ਨ ਖਚਾਨਚੀ, ਕੁਲਦੀਪ ਸਿੰਘ ਰੱਕੜ ਜ਼ਿਲ੍ਹਾ ਜਨਰਲ ਸਕੱਤਰ, ਚਰਨਜੀਤ ਸੈਣੀ, ਦੇਸ਼ ਰਾਜ ਰੁੜਕੀ, ਅਜਮੇਰ ਸਿੰਘ ਗਿੱਲ, ਕਸ਼ਮੀਰ ਸਿੰਘ ਬਛੋੜੀ, ਕਸ਼ਮੀਰੀ ਲਾਲ ਫਿਲੌਰ, ਦੇਸ਼ ਰਾਜ ਬੰਗਾ, ਬਲਵੀਰ ਬੀਸਲਾ, ਅਜੀਤ ਰਾਮ ਗੁੱਲਪੁਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਪੈਨਸ਼ਨ ਜਲਦੀ ਖਾਤਿਆਂ 'ਚ ਪਾਈ ਜਾਵੇ |