ਬਲਾਚੌਰ, 4 ਮਈ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਪੰਜਾਬ ਸਰਕਾਰ ਲੋਕਾਂ ਨੂੰ ਸਿਹਤ, ਸਿੱਖਿਆ, ਪੀਣ ਵਾਲਾ ਸਾਫ਼ ਪਾਣੀ, ਸੜਕਾਂ, ਗਲੀਆਂ-ਨਾਲੀਆਂ ਤੇ ਖੇਡਾਂ ਸਮੇਤ ਹਰ ਤਰ੍ਹਾਂ ਦੀਆਂ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ | ਇਹ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਹਲਕਾ ਬਲਾਚੌਰ ਅੰਦਰ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਕੀਤਾ | ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਵੱਡੇ ਪੱਧਰ 'ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਐਮ. ਪੀ. ਲੈਂਡ ਫ਼ੰਡ ਤਹਿਤ 23.50 ਲੱਖ ਰੁਪਏ ਦੀ ਲਾਗਤ ਨਾਲ ਹਲਕਾ ਬਲਾਚੌਰ ਦੇ ਵੱਖ-ਵੱਖ ਪਿੰਡਾਂ ਵਿਚ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਿੰਡ ਜਗਤੇਵਾਲ ਵਿਖੇ ਕਮਿਊਨਿਟੀ ਹਾਲ 'ਤੇ 2.50 ਲੱਖ ਰੁਪਏ, ਪਿੰਡ ਜਲਾਲਪੁਰ ਵਿਖੇ ਐਸ. ਸੀ. ਧਰਮਸ਼ਾਲਾ 'ਤੇ 5 ਲੱਖ ਰੁਪਏ ਖ਼ਰਚ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਐਮ. ਪੀ. ਲੈਂਡ ਫ਼ੰਡ ਤਹਿਤ ਹੈਡੋਂ ਬੇਟ ਤੇ ਖੰਡਪੁਰ ਵਿਖੇ 6 ਲੱਖ ਰੁਪਏ ਦੇ ਵਾਟਰ ਟੈਂਕਰ ਅਤੇ ਪਿੰਡ ਪੋਜੇਵਾਲ ਤੇ ਪਿੰਡ ਟਕਰਲਾ ਵਿਖੇ 10 ਲੱਖ ਰੁਪਏ ਕਮਿਊਨਿਟੀ ਸੈਂਟਰ 'ਤੇ ਖ਼ਰਚ ਕੀਤੇ ਗਏ ਹਨ | ਉਨ੍ਹਾਂ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਗਰਾਂਟਾਂ ਦੀ ਸਹੀ ਵਰਤੋਂ ਕਰਨ ਅਤੇ ਕੰਮਾਂ ਦੀ ਗੁਣਵੱਤਾ ਬਰਕਰਾਰ ਰੱਖਣ | ਇਸ ਮੌਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਸਤਨਾਮ ਜਲਾਲਪੁਰ, ਬੀ. ਡੀ. ਪੀ. ਓ., ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪੰਚਾਇਤ ਸੈਕਟਰੀ ਮੁਖ਼ਤਿਆਰ ਸਿੰਘ, ਆਪ ਆਗੂ ਜਸਵੀਰ ਸਿੰਘ ਘੁੰਮਣ, ਸੂਬੇਦਾਰ ਪਰਮਜੀਤ ਸਿੰਘ, ਸਰਪੰਚ, ਪੰਚ ਤੇ ਪਿੰਡ ਵਾਸੀ ਹਾਜ਼ਰ ਸਨ |